ਚੀਨੀ ਨਾਗਰਿਕਾਂ ''ਤੇ ਹਮਲੇ ਕਰਨ ਦੀ ਯੋਜਨਾ ਬਣਾਉਣ ਵਾਲੀ ਔਰਤ ਵਿਸਫੋਟਕ ਸਮੱਗਰੀ ਸਮੇਤ ਗ੍ਰਿਫ਼ਤਾਰ

Wednesday, May 18, 2022 - 04:41 PM (IST)

ਚੀਨੀ ਨਾਗਰਿਕਾਂ ''ਤੇ ਹਮਲੇ ਕਰਨ ਦੀ ਯੋਜਨਾ ਬਣਾਉਣ ਵਾਲੀ ਔਰਤ ਵਿਸਫੋਟਕ ਸਮੱਗਰੀ ਸਮੇਤ ਗ੍ਰਿਫ਼ਤਾਰ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਨਿਰਮਾਣ ਵਿਚ ਲੱਗੇ ਚੀਨੀ ਇੰਜੀਨੀਅਰਾਂ ’ਤੇ ਆਤਮਘਾਤੀ ਹਮਲੇ ਕਰਨ ਦੀ ਯੋਜਨਾ ਬਣਾਉਣ ਵਾਲੀ ਇਕ ਬਲੋਚ ਔਰਤ ਨੂੰ ਪਾਕਿਸਤਾਨ ਅੱਤਵਾਦ ਵਿਰੋਧੀ ਵਿਭਾਗ ਨੇ 87 ਕਿਲੋ ਵਿਸਫੋਟਕ ਸਮੱਗਰੀ ਸਮੇਤ ਗ੍ਰਿਫ਼ਤਾਰ ਕੀਤਾ। ਉਸ ਦੇ ਨਾਲ ਇਕ ਹੋਰ ਔਰਤ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਜੋ ਘਰ ਵਿਚ ਉਸ ਦੇ ਕੋਲ ਬੈਠੀ ਸੀ।ਸੂਤਰਾਂ ਅਨੁਸਾਰ ਸੀ.ਟੀ.ਡੀ ਦੇ ਜਵਾਨਾਂ ਨੇ ਇਕ ਸੂਚਨਾ ਦੇ ਆਧਾਰ ’ਤੇ ਕੋਚ ਜ਼ਿਲੇ ਦੇ ਹੋਸ਼ਾਬ ਕਸਬੇ ਵਿਚ ਛਾਪਾਮਾਰੀ ਕਰਕੇ ਦੋਸ਼ੀ ਨੂਰ ਜਹਾਂ ਬਲੋਚ ਨੂੰ ਇਕ ਹੋਰ ਔਰਤ ਦੇ ਨਾਲ ਉਸ ਦੇ ਘਰ ਤੋਂ ਹੀ ਗ੍ਰਿਫ਼ਤਾਰ ਕੀਤਾ।

ਜਦ ਨੂਰ ਜਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਆਤਮਘਾਤੀ ਜੈਕਟ ਪਾਈ ਹੋਈ ਸੀ। ਉਸ ਦੇ ਨਾਲ ਜੋ ਔਰਤ ਫੜੀ ਗਈ ਹੈ, ਉਸ ਦੀ ਪਹਿਚਾਣ ਸਾਈਨਾ ਦੇ ਰੂਪ ਵਿਚ ਹੋਈ ਪਰ ਉਸ ਦਾ ਨੂਰ ਜਹਾਂ ਨਾਲ ਕੀ ਸਬੰਧ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਨੂਰ ਜਹਾਂ ਬਲੋਚ ਲਿਬਰੇਸ਼ਨ ਆਰਮੀ ਦੇ ਮਜੀਜ ਬ੍ਰਿਗੇਡ ਗਰੁੱਪ ਨਾਲ ਸਬੰਧਿਤ ਹੈ। ਸ਼ਹਿਰ ਦੇ ਬਾਹਰ ਉਸ ਦੀ ਰਿਹਾਇਸ਼ ’ਤੇ ਜਦ ਛਾਪਾਮਾਰੀ ਕੀਤੀ ਗਈ ਤਾਂ ਨੂਰ ਜਹਾਂ ਆਤਮਘਾਤੀ ਜੈਕਟ ਪਾਏ ਹੋਏ ਸੀ ਅਤੇ ਚੀਨੀ ਇੰਜੀਨੀਅਰਾਂ ’ਤੇ ਹਮਲਾ ਕਰਨ ਲਈ ਜਾਣ ਵਾਲੀ ਸੀ।

ਪੜ੍ਹੋ ਇਹ ਅਹਿਮ ਖ਼ਬਰ- ਕਰਤਾਰਪੁਰ ਲਾਂਘੇ ਨੇ ਮਿਲਾਏ ਭੈਣ-ਭਰਾ, 75 ਸਾਲ ਬਾਅਦ ਆਪਣੇ 'ਸਿੱਖ ਭਰਾਵਾਂ' ਨੂੰ ਮਿਲੀ 'ਮੁਮਤਾਜ਼ ਬੀਬੀ'

ਦੂਜੇ ਪਾਸੇ ਜਦ ਨੂਰ ਜਹਾਂ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ ਤਾਂ ਨੂਰ ਜਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਘਰ ਤੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ ਸੀ ਅਤੇ ਵਿਸਫੋਟਕ ਪਦਾਰਥ ਤੇ ਜੈਕਟ ਪੁਲਸ ਬਰਾਮਦ ਕਰਨ ਦੀ ਗੱਲ ਕਰ ਰਹੀ ਹੈ, ਉਹ ਪੂਰੀ ਤਰ੍ਹਾਂ ਝੂਠ ਹੈ। ਉਸ ਨੇ ਇਹ ਵੀ ਦੋਸ ਲਗਾਇਆ ਕਿ ਉਸ ’ਤੇ ਪੁਲਸ ਨੇ ਪੁੱਛਗਿੱਛ ਦੌਰਾਨ ਬਹੁਤ ਹੀ ਬੁਰੀ ਤਰ੍ਹਾਂ ਨਾਲ ਤਸ਼ੱਦਤ ਕੀਤਾ ਹੈ ਅਤੇ ਉਸ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਜ਼ੁਰਮ ਮੰਨ ਲਵੇ।


author

Vandana

Content Editor

Related News