ਕੀ 2026 ਦੀਆਂ ਬੰਗਲਾਦੇਸ਼ ਚੋਣਾਂ ''ਚ ਜਿੱਤੇਗੀ ਪਾਕਿਸਤਾਨੀ ਪੱਖੀ ਪਾਰਟੀ ? BNP ਦਾ ਡਿੱਗਦਾ ਗ੍ਰਾਫ਼ ਭਾਰਤ ਲਈ ਬੁਰੀ ਖ਼ਬਰ
Wednesday, Dec 03, 2025 - 01:40 PM (IST)
ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ 'ਚ ਇਸ ਸਮੇਂ ਜਮਾਤ-ਏ-ਇਸਲਾਮੀ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਹੀ ਹੈ। ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਜੇਕਰ ਜਮਾਤ ਨੂੰ ਸੱਤਾ ਹਾਸਲ ਹੁੰਦੀ ਹੈ ਤਾਂ ਭਾਰਤ ਨੂੰ ਆਪਣੀ ਰਣਨੀਤੀ 'ਚ ਵੱਡੇ ਬਦਲਾਅ ਕਰਨੇ ਪੈ ਸਕਦੇ ਹਨ। ਦਰਅਸਲ ਅਗਸਤ 2024 'ਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤੀ 'ਚ ਵੱਡਾ ਬਦਲਾਅ ਆਉਣ ਕਾਰਨ BNP ਦੀ ਲੋਕਪ੍ਰਿਅਤਾ ਦਿਨੋ-ਦਿਨ ਘਟ ਰਹੀ ਹੈ ਜਦਕਿ ਜਮਾਤ-ਏ-ਇਸਲਾਮੀ ਅੱਗੇ ਵਧਦੀ ਨਜ਼ਰ ਆ ਰਹੀ ਹੈ।
ਬੰਗਲਾਦੇਸ਼ 'ਚ ਤਖਤਾਪਲਟ ਨੂੰ ਇਕ ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਤੇ ਅਜਿਹੇ ਮੌਕੇ 'ਤੇ BNP ਪਾਰਟੀ ਦੇ ਸੱਤਾ 'ਚ ਆਉਣ ਦੀਆਂ ਉਮੀਦਾਂ ਨਜ਼ਰ ਅਉਣ ਲੱਗੀਆਂ ਸਨ। ਪਰ ਐਨ ਮੌਕੇ 'ਤੇ ਪਿਛਲੀਆਂ ਚੋਣਾਂ ਦਾ ਬਾਈਕਾਟ ਕਰਨ ਵਾਲੀ ਬੀ.ਐੱਨ.ਪੀ. ਨੂੰ ਲੱਗਿਆ ਕਿ ਜੇਕਰ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਇਹ ਸਰਕਾਰ ਬਣਾਉਣ ਲਈ ਇੱਕ ਮਜ਼ਬੂਤ ਦਾਅਵੇਦਾਰ ਹੋਵੇਗੀ, ਪਰ ਪਾਰਟੀ ਦੀ ਲੋਕਪ੍ਰਿਯਤਾ ਘਟਣ ਕਾਰਨ ਜਮਾਤ-ਏ-ਇਸਲਾਮੀ ਨੂੰ ਅੱਗੇ ਵਧਣ ਦਾ ਸੁਨਿਹਰੀ ਮੌਕਾ ਮਿਲ ਗਿਆ।
BNP ਅਤੇ ਜਮਾਤ ਜਿੱਤ ਲਈ ਲਗਾਉਣਗੇ ਅੱਡੀ ਚੋਟੀ ਦਾ ਜ਼ੋਰ
ਫਰਵਰੀ 2026 'ਚ ਬੰਗਲਾਦੇਸ਼ 'ਚ ਹੋਣ ਵਾਲੀਆਂ ਚੋਣਾਂ 'ਚ ਜਮਾਤ-ਏ-ਇਸਲਾਮੀ ਲਈ ਜਿੱਤ ਪ੍ਰਾਪਤ ਕਰਨਾ ਵੀ ਆਸਾਨ ਨਹੀਂ ਜਾਪ ਰਿਹਾ ਕਿਉਂਕਿ ਇਕ ਸਰਵੇ ਅਨੁਸਾਰ 33 ਫ਼ੀਸਦੀ ਲੋਕਾਂ ਨੇ ਕਿਹਾ ਕਿ ਉਹ ਬੀ.ਐੱਨ.ਪੀ. ਨੂੰ ਵੋਟ ਪਾਉਣਗੇ, ਜਦੋਂ ਕਿ 29 ਫ਼ੀਸਦੀ ਨੇ ਕਿਹਾ ਕਿ ਉਹ ਜਮਾਤ ਨੂੰ ਵੋਟ ਪਾਉਣਗੇ। ਨੈਸ਼ਨਲ ਸਿਟੀਜ਼ਨਜ਼ ਪਾਰਟੀ (NCP) ਨੂੰ ਸਿਰਫ਼ 6 ਫ਼ੀਸਦੀ ਜਨਤਕ ਸਮਰਥਨ ਮਿਲਿਆ। ਇਹ ਪਾਰਟੀ ਉਨ੍ਹਾਂ ਵਿਦਿਆਰਥੀਆਂ ਦੁਆਰਾ ਬਣਾਈ ਗਈ ਸੀ ਜਿਨ੍ਹਾਂ ਨੇ ਬੰਗਲਾਦੇਸ਼ ਵਿੱਚ ਵਿਦਿਆਰਥੀ ਅੰਦੋਲਨ ਦੀ ਅਗਵਾਈ ਕੀਤੀ ਸੀ ਅਤੇ ਇਸ ਤੋਂ ਬਾਅਦ ਸ਼ੇਖ ਹਸੀਨਾ ਸਰਕਾਰ ਦਾ ਪਤਨ ਸ਼ੁਰੂ ਹੋਇਆ ਸੀ। ਸਰਵੇ ਅਨੁਸਾਰ BNP ਅਤੇ ਜਮਾਤ 'ਚ ਕੇਵਲ 4 ਫੀਸਦੀ ਦਾ ਅੰਤਰ ਹੈ ਅਤੇ ਚੋਣਾਂ ਨੇੜੇ ਆਉਣ 'ਤੇ ਹੀ ਅਸਲੀ ਸਥਿਤੀ ਦਾ ਪਤਾ ਲੱਗ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਬੰਗਲਾਦੇਸ਼ ਦੇ ਸ਼ੁਰੂ ਤੋਂ ਹੀ ਸਬੰਧ ਚੰਗੇ ਰਹੇ ਹਨ। ਇਨ੍ਹਾਂ ਸਬੰਧਾਂ ਨੂੰ ਬਰਕਰਾਰ ਰੱਖਣ ਲਈ ਭਾਰਤ ਨੂੰ ਬੰਗਲਾਦੇਸ਼ 'ਚ 2026 ਦੀਆਂ ਚੋਣਾਂ 'ਚ ਸੱਤਾ ਪ੍ਰਾਪਤ ਕਰਨ ਵਾਲੀ ਪਾਰਟੀ ਨਾਲ ਸਬੰਧ ਸਥਾਪਿਤ ਕਰਨੇ ਪੈਣਗੇ, ਜਦਿਕ ਇਨ੍ਹਾਂ ਚੋਣਾਂ 'ਚ ਮੁੱਖ ਮੁਕਾਬਲਾ BNP ਅਤੇ ਜਮਾਤ-ਏ-ਇਸਲਾਮੀ ਵਿਚਾਲੇ ਹੋਵੇਗਾ।
ਭਾਰਤ ਨੂੰ ਅਪਣਾਉਣੀ ਪੈ ਸਕਦੀ ਹੈ ਵੱਖਰੀ ਰਣਨੀਤੀ
ਬੰਗਲਾਦੇਸ਼ ਚੋਣਾਂ 'ਚ ਜੇਕਰ ਜਮਾਤ ਦੀ ਜਿੱਤ ਹੁੰਦੀ ਹੈ ਤਾਂ ਭਾਰਤ ਨੂੰ ਵੱਖਰੀ ਰਣਨੀਤੀ ਅਪਣਾਉਣੀ ਪਵੇਗੀ। ਇਤਿਹਾਸਿਕ ਰੂਪ 'ਚ ਜਮਾਤ ਨੂੰ ਪਾਕਿਸਤਾਨ ਪੱਖੀ ਮੰਨਿਆ ਜਾਂਦਾ ਰਿਹਾ ਹੈ ਅਤੇ ਇਸ ਦੇ ਕਈ ਨੇਤਾਵਾਂ ਨੂੰ 1971 ਦੇ ਯੁੱਧ ਅਪਰਾਧਾਂ ਲਈ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਫਾਂਸੀ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਫਰਵਰੀ 2026 ਦੀਆਂ ਬੰਗਲਾਦੇਸ਼ ਚੋਣਾਂ 'ਚ ਕਈ ਵੱਡੇ ਘਟਨਾਕ੍ਰਮ ਦੇਖਣ ਨੂੰ ਮਿਲ ਸਕਦੇ ਹਨ। BNP ਅਤੇ ਜਮਾਤ 'ਚ ਸਿਰਫ 4 ਫੀਸਦੀ ਦਾ ਅੰਤਰ ਹੋਣ ਕਾਰਨ ਚੋਣ ਨਤੀਜੇ ਕਿਸੇ ਵੀ ਦਿਸ਼ਾ 'ਚ ਜਾ ਸਕਦੇ ਹਨ ਜਿਸ ਕਾਰਨ ਭਾਰਤ ਨੂੰ ਹਰ ਸਥਿਤੀ ਲਈ ਤਿਆਰ ਰਹਿਣਾ ਪਏਗਾ ਅਤੇ ਇਹ ਚੋਣਾਂ ਭਾਰਤ ਲਈ ਬੰਗਲਾਦੇਸ਼ ਨਾਲ ਇਤਿਹਾਸਿਕ ਸੰਬੰਧਾਂ ਨੂੰ ਬਰਕਰਾਰ ਰੱਖਣ ਲਈ ਕਾਫ਼ੀ ਮਾਇਨੇ ਰੱਖਦੀਆਂ ਹਨ।
