18 ਸਾਲ ਪਹਿਲਾਂ ਕਤਲ ਕਰਕੇ 2 ਵਾਰ ਸਾੜੀ ਸੀ ਪਤਨੀ, ਹੁਣ ਹੋਇਆ ਖੁਲਾਸਾ
Wednesday, Feb 13, 2019 - 11:51 AM (IST)
ਕੁਈਨਜ਼ਲੈਂਡ, (ਏਜੰਸੀ)— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ 18 ਸਾਲ ਪਹਿਲਾਂ ਇਕ ਵਿਅਕਤੀ ਨੇ ਆਪਣੀ ਪਤਨੀ ਪੈਟਰਿਕਾ ਐਨੇ ਰਿਗਜ਼ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਸਾੜ ਕੇ ਘਰ 'ਚ ਦੱਬ ਦਿੱਤਾ ਸੀ। ਪਿਛਲੇ ਹਫਤੇ ਉਸ ਦੇ ਪਤੀ ਅਡਮੰਡ ਇਆਨ ਰਿਗਜ਼ ਨੇ ਆਪਣਾ ਜੁਰਮ ਕਬੂਲ ਕੀਤਾ ਹੈ। 60 ਸਾਲਾ ਰਿਗਜ਼ ਦੀ ਸਾਲ 2001 'ਚ ਆਪਣੀ ਪਤਨੀ ਪੈਟਰਿਕਾ ਨਾਲ ਕਿਸੇ ਗੱਲ 'ਤੇ ਲੜਾਈ ਹੋਈ ਸੀ ਅਤੇ ਉਸ ਨੇ ਗੁੱਸੇ 'ਚ ਆਪਣੀ ਪਤਨੀ ਨੂੰ ਮਾਰ ਦਿੱਤਾ। ਰਿਗਜ਼ ਨੇ ਚੁੱਪ-ਚਾਪ ਔਰਤ ਨੂੰ ਸਾੜ ਦਿੱਤਾ ਅਤੇ ਘਰ 'ਚ ਹੀ ਦੱਬ ਦਿੱਤਾ।

ਉਸ ਨੇ ਆਪਣੇ 4 ਬੱਚਿਆਂ ਨੂੰ ਦੱਸਿਆ ਕਿ ਪੈਟਰਿਕਾ ਘਰ ਛੱਡ ਕੇ ਚਲੀ ਗਈ ਹੈ। ਜਦ ਉਸ ਦੇ ਨੇੜਲੇ ਘਰਾਂ ਨੇ ਭਾਰੀ ਮਸ਼ੀਨ ਨਾਲ ਮਿੱਟੀ ਪੁਟਾਉਣ ਦਾ ਕੰਮ ਸ਼ੁਰੂ ਕੀਤਾ ਤਾਂ ਉਸ ਨੂੰ ਡਰ ਸਤਾਉਣ ਲੱਗ ਗਿਆ ਕਿ ਕਿਤੇ ਕਿਸੇ ਨੂੰ ਉਸ ਦੀ ਸੜ ਚੁੱਕੀ ਲਾਸ਼ ਦਾ ਕੋਈ ਹਿੱਸਾ ਨਾ ਮਿਲ ਜਾਵੇ। ਇਸ ਲਈ ਉਸ ਨੇ ਮੁੜ ਪੈਟਰਿਕਾ ਦੀ ਸੜੀ ਹੋਈ ਲਾਸ਼ ਨੂੰ ਕੱਢਿਆ ਅਤੇ ਇਕ ਵਾਰ ਫਿਰ ਇਸ ਨੂੰ ਸਾੜ ਦਿੱਤਾ ਪਰ ਇਸ ਦੌਰਾਨ ਉਸ ਦੇ ਪਿੰਜਰ ਦਾ ਕੋਈ ਹਿੱਸਾ ਰਹਿ ਗਿਆ ਜੋ 2016 'ਚ ਨਵੇਂ ਮਾਲਕ ਨੂੰ ਲੱਭਾ ਅਤੇ ਜਾਂਚ ਮਗਰੋਂ ਪਤਾ ਲੱਗਾ ਕਿ ਪੈਟਰਿਕਾ ਨੂੰ ਇੱਥੇ ਦੱਬਿਆ ਗਿਆ ਸੀ।

ਪਿਛਲੇ ਹਫਤੇ ਕਬੂਲਿਆ ਜ਼ੁਰਮ—
ਰਿਗਜ਼ ਲਗਭਗ ਦੋ ਦਹਾਕਿਆਂ ਤੋਂ ਆਪਣੇ 4 ਬੱਚਿਆਂ ਨੂੰ ਕਹਿ ਰਿਹਾ ਸੀ ਕਿ ਪੈਟਰਿਕਾ ਉਨ੍ਹਾਂ ਨੂੰ ਛੱਡ ਕੇ ਭੱਜ ਗਈ ਹੈ। ਉਸ ਦਾ ਇਹ ਝੂਠ ਕੇਸ ਦੇ ਪਿਛਲੇ ਹਫਤੇ ਹੋਏ ਟਰਾਇਲ ਤਕ ਜਾਰੀ ਹੀ ਰਿਹਾ ਅਤੇ ਹੁਣ ਉਸ ਨੇ ਮੰਨ ਲਿਆ ਕਿ ਉਸ ਨੇ ਕਤਲ ਕੀਤਾ। ਅਦਾਲਤ 'ਚ ਉਸ ਨੇ ਕਿਹਾ ਕਿ ਪੈਟਰਿਕਾ ਨਾਲ ਉਸ ਦੀ ਲੜਾਈ ਰਹਿੰਦੀ ਸੀ। ਉਸ ਨੇ ਕਿਹਾ ਕਿ ਲੜਾਈ ਦਾ ਵੱਡਾ ਕਾਰਨ ਉਸ ਦਾ ਵਿੱਤੀ ਪੱਖੋਂ ਕਮਜ਼ੋਰ ਹੋਣਾ ਸੀ।
ਰਿਗਜ਼ ਨੇ ਦੱਸਿਆ ਕਿ 30 ਸਤੰਬਰ, 2001 ਦੀ ਰਾਤ ਪੈਟਰਿਕਾ ਨੇ ਉਸ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹੋਏ ਉਸ ਨੂੰ ਦੱਸਿਆ ਕਿ ਉਹ ਕਈ ਗੈਰ-ਮਰਦਾਂ ਨਾਲ ਸਬੰਧ ਬਣਾ ਚੁੱਕੀ ਹੈ। ਉਸ ਨੇ ਦੱਸਿਆ ਕਿ ਉਸ ਕੋਲ ਉਨ੍ਹਾਂ ਲੋਕਾਂ ਦੇ ਨੰਬਰ ਵੀ ਹਨ ਜੋ ਉਸ ਨੂੰ ਨਾਈਟ ਕਲੱਬਾਂ ਅਤੇ ਹੋਰ ਥਾਵਾਂ 'ਤੇ ਮਿਲਦੇ ਹਨ। ਗੁੱਸੇ 'ਚ ਰਿਗਜ਼ ਨੇ ਪੈਟਰਿਕਾ ਨੂੰ ਧੱਕਾ ਦਿੱਤਾ ਅਤੇ ਸਿਰ 'ਚ ਸੱਟ ਲੱਗਣ ਕਾਰਨ ਪੈਟਰਿਕਾ ਦੀ ਮੌਤ ਹੋ ਗਈ। ਰਿਗਜ਼ ਨੂੰ ਡਰ ਸੀ ਕਿ ਜੇਕਰ ਕਿਸੇ ਨੂੰ ਇਸ ਕਤਲ ਬਾਰੇ ਪਤਾ ਲੱਗ ਗਿਆ ਤਾਂ ਉਸ ਨੂੰ ਜੇਲ ਹੋ ਜਾਵੇਗੀ ਅਤੇ ਉਸ ਦੇ ਬੱਚੇ ਯਤੀਮ ਹੋ ਜਾਣਗੇ। 4 ਬੱਚਿਆਂ ਦੇ ਭਵਿੱਖ ਲਈ ਉਸ ਨੇ ਉਸ ਦੀ ਲਾਸ਼ ਨੂੰ ਸਾੜ ਕੇ ਦੱਬ ਦਿੱਤਾ। ਫਿਲਹਾਲ ਅਦਾਲਤ ਨੇ ਸੁਣਵਾਈ ਕੁਝ ਦਿਨਾਂ ਲਈ ਟਾਲ ਦਿੱਤੀ ਹੈ।
