ਰੂਸ ਦੀ ਵੈਕਸੀਨ ''ਤੇ WHO ਨੇ ਕੀਤਾ ਸੁਚੇਤ
Thursday, Aug 06, 2020 - 03:39 AM (IST)
ਵਾਸ਼ਿੰਗਟਨ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਮੰਗਲਵਾਰ ਨੂੰ ਰੂਸ ਦੀ ਵੈਕਸੀਨ ਨੂੰ ਲੈ ਕੇ ਸ਼ੱਕ ਜਤਾਇਆ ਹੈ। ਰੂਸ ਅਕਤੂਬਰ ਮਹੀਨੇ ਤੋਂ ਕੋਰੋਨਾਵਾਇਰਸ ਦੀ ਵੈਕਸੀਨ ਦਾ ਉਤਪਾਦਨ ਸ਼ੁਰੂ ਕਰਨ ਜਾ ਰਿਹਾ ਹੈ। ਡਬਲਯੂ. ਐਚ. ਓ. ਨੇ ਕਿਹਾ ਕਿ ਵੈਕਸੀਨ ਉਤਪਾਦਨ ਲਈ ਕਈ ਗਾਈਡਲਾਇੰਸ ਬਣਾਈਆਂ ਗਈਆਂ ਹਨ। ਡਬਲਯੂ. ਐਚ. ਓ. ਦੇ ਬੁਲਾਰੇ ਕ੍ਰਿਸਟੀਅਨ ਲਿੰਡਮੀਅਰ ਤੋਂ ਯੂ. ਐਨ. ਪ੍ਰੈੱਸ ਬ੍ਰੀਫਿੰਗ ਦੌਰਾਨ ਪੁੱਛਿਆ ਗਿਆ ਕਿ ਜੇਕਰ ਕਿਸੇ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਕੀਤੇ ਬਗੈਰ ਹੀ ਉਸ ਦੇ ਉਤਪਾਦਨ ਲਈ ਲਾਇਸੈਂਸ ਜਾਰੀ ਕਰ ਦਿੱਤਾ ਜਾਂਦਾ ਹੈ ਤਾਂ ਕੀ ਸੰਗਠਨ ਇਸ ਨੂੰ ਖਤਰਨਾਕ ਮੰਨੇਗਾ।
ਰੂਸ ਦੇ ਸਿਹਤ ਮੰਤਰੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨਾਂ ਦਾ ਦੇਸ਼ ਅਕਤੂਬਰ ਮਹੀਨੇ ਤੋਂ ਕੋਵਿਡ-19 ਖਿਲਾਫ ਵੱਡੇ ਪੱਧਰ 'ਤੇ ਵੈਕਸੀਨ ਕੈਂਪੇਨ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਰੂਸ ਦੇ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਵੈਕਸੀਨ ਦੀ ਕੋਈ ਫੀਸ ਨਹੀਂ ਲਈ ਜਾਵੇਗੀ ਅਤੇ ਸਭ ਤੋਂ ਪਹਿਲਾਂ ਇਸ ਨੂੰ ਡਾਕਟਰ ਅਤੇ ਅਧਿਆਪਕਾਂ ਨੂੰ ਦਿੱਤੀ ਜਾਵੇਗੀ। ਰੂਸੀ ਸਿਹਤ ਮੰਤਰੀ ਨੇ ਕਿਹਾ ਸੀ ਕਿ ਉਤਪਾਦਨ ਦੇ ਨਾਲ-ਨਾਲ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਵੀ ਜਾਰੀ ਰਹੇਗਾ ਅਤੇ ਇਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਕ੍ਰਿਸਟੀਅਨ ਲਿੰਡਮੀਅਰ ਨੇ ਕਿਹਾ ਕਿ ਜਦ ਵੀ ਅਜਿਹੀਆਂ ਖਬਰਾਂ ਆਉਣ ਜਾਂ ਅਜਿਹੇ ਕਦਮ ਚੁੱਕੇ ਜਾਣ ਤਾਂ ਸਾਨੂੰ ਸਾਵਧਾਨ ਰਹਿਣਾ ਹੋਵੇਗਾ। ਅਜਿਹੀਆਂ ਖਬਰਾਂ ਦੇ ਤੱਥਾਂ ਦੀ ਜਾਂਚ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ।
ਕ੍ਰਿਸਟੀਅਨ ਲਿੰਡਮੀਅਰ ਨੇ ਕਿਹਾ ਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਕੁਝ ਖੋਜਕਾਰ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਕੋਈ ਖੋਜ ਕਰ ਲਈ ਹੈ ਜਿਹੜੀ ਕਿ ਬਹੁਤ ਚੰਗੀ ਖਬਰ ਹੁੰਦੀ ਹੈ। ਪਰ ਕੁਝ ਖੋਜਣ ਜਾਂ ਵੈਕਸੀਨ ਦੇ ਅਸਰਦਾਰ ਹੋਣ ਦੇ ਸੰਕੇਤ ਮਿਲਣ ਅਤੇ ਕਲੀਨਿਕਲ ਟ੍ਰਾਇਲ ਦੇ ਸਾਰੇ ਪੜਾਅ ਤੋਂ ਲੰਘਣ ਵਿਚ ਬਹੁਤ ਵੱਡਾ ਫਰਕ ਹੁੰਦਾ ਹੈ। ਅਸੀਂ ਅਧਿਕਾਰਕ ਤੌਰ 'ਤੇ ਅਜਿਹਾ ਕੁਝ ਨਹੀਂ ਦੇਖਿਆ ਹੈ। ਜੇਕਰ ਅਧਿਕਾਰਕ ਤੌਰ 'ਤੇ ਕੁਝ ਹੁੰਦਾ ਤਾਂ ਯੂਰਪ ਦੇ ਸਾਡੇ ਦਫਤਰ ਦੇ ਸਹਿਯੋਗੀ ਜ਼ਰੂਰ ਇਸ 'ਤੇ ਧਿਆਨ ਦਿੰਦੇ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਨੇ ਕਿਹਾ ਕਿ ਇਕ ਸੁਰੱਖਿਅਤ ਵੈਕਸੀਨ ਬਣਾਉਣ ਨੂੰ ਲੈ ਕੇ ਕਈ ਨਿਯਮ ਬਣਾਏ ਗਏ ਹਨ ਅਤੇ ਇਸ ਨੂੰ ਲੈ ਕੇ ਗਾਈਡਲਾਇੰਸ ਵੀ ਹਨ। ਇਨਾਂ ਦਾ ਪਾਲਣ ਕੀਤਾ ਜਾਣਾ ਜ਼ਰੂਰੀ ਹੈ ਤਾਂ ਜੋ ਅਸੀਂ ਜਾਣ ਸਕੀਏ ਕਿ ਵੈਕਸੀਨ ਜਾਂ ਕੋਈ ਵੀ ਇਲਾਜ ਕਿਸ 'ਤੇ ਅਸਰਦਾਰ ਹੈ ਅਤੇ ਕਿਹੜੀ ਬੀਮਾਰੀ ਖਿਲਾਫ ਲੜਾਈ ਵਿਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਗਾਈਡਲਾਇੰਸ ਦਾ ਪਾਲਣ ਕਰਨ ਨਾਲ ਸਾਨੂੰ ਇਹ ਵੀ ਪਤਾ ਲੱਗਦਾ ਹੈ ਕਿ ਕਿ ਕਿਸੇ ਇਲਾਜ ਜਾਂ ਵੈਕਸੀਨ ਦੇ ਸਾਇਡ ਇਫੈੱਕਟ ਹਨ ਜਾਂ ਫਿਰ ਕਿਤੇ ਇਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਤਾਂ ਜ਼ਿਆਦਾ ਨਹੀਂ ਹੋ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਵੈੱਬਸਾਈਟ 'ਤੇ ਕਲੀਨਿਕਲ ਟ੍ਰਾਇਲ ਤੋਂ ਲੰਘ ਰਹੀਆਂ 25 ਵਕੈਸੀਨਾਂ ਨੂੰ ਸੂਚੀਬੱਧ ਕੀਤਾ ਹੈ ਜਦਕਿ 139 ਵੈਕਸੀਨ ਅਜੇ ਪ੍ਰੀ-ਕਲੀਨਿਕਲ ਸਟੇਜ ਵਿਚ ਹਨ।