ਪਾਕਿਸਤਾਨ ''ਚ ਹੜ੍ਹ ਕਾਰਨ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਫੈਲਣ ਦਾ ਡਰ, WHO ਨੇ ਪ੍ਰਗਟਾਈ ਚਿੰਤਾ
Monday, Sep 19, 2022 - 04:02 PM (IST)
ਇਸਲਾਮਾਬਾਦ (ਏਜੰਸੀ)- ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਵਿਨਾਸ਼ਕਾਰੀ ਹੜ੍ਹ ਦੇ ਮੱਦੇਨਜ਼ਰ ਪਾਕਿਸਤਾਨ ਵਿਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਫ਼ੈਲਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਡਲਬਯੂ.ਐੱਚ.ਓ. ਮੁਖੀ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਾਣੀ ਦੀ ਸਪਲਾਈ ਵਿਚ ਵਿਘਨ ਪਿਆ ਹੈ, ਜਿਸ ਨਾਲ ਲੋਕਾਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਉਪਲੱਬਧ ਨਹੀਂ ਹੋ ਰਿਹਾ ਅਤੇ ਇਸ ਨਾਲ ਹੈਜਾ ਅਤੇ ਹੋ ਬਿਮਾਰੀਆਂ ਹੋ ਸਕਦੀਆਂ ਹਨ।
ਡਬਲਯੂ.ਐੱਚ.ਓ. ਨੇ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਅਤੇ ਖ਼ਾਸ ਕਰਕੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸਿੰਧ ਸੂਬੇ ਦੇ ਲੋਕਾਂ ਨੂੰ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਟੇਡਰੋਸ ਨੇ ਸ਼ਨੀਵਾਰ ਨੂੰ ਇਸ ਗੱਲ ਨੂੰ ਉਜਾਗਰ ਕੀਤਾ ਕਿ ਖੜ੍ਹਾ ਪਾਣੀ ਮੱਛਰਾਂ ਦੇ ਪੈਦਾ ਹੋਣ ਦਾ ਕਾਰਨ ਬਣ ਸਕਦਾ ਹੈ, ਜਿਸ ਨਾਲ ਮਲੇਰੀਆ ਅਤੇ ਡੇਂਗੂ ਵਰਗੀਆਂ ਬੀਮਾਰੀਆਂ ਫੈਲ ਸਕਦੀਆਂ ਹਨ।