ਇਹ ਖੂਬਸੂਰਤ ਜਿਮਨਾਸਟ ਬਣ ਸਕਦੀ ਹੈ ਪੁਤਿਨ ਦੀ ਦੂਜੀ ਪਤਨੀ
Friday, Dec 21, 2018 - 04:39 PM (IST)

ਮਾਸਕੋ— ਆਪਣੇ ਨਿੱਜੀ ਜੀਵਨ ਨੂੰ ਜਨਤਕ ਚਰਚਾਵਾਂ ਤੋਂ ਦੂਰ ਰੱਖਣ ਵਾਲੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੂਜੀ ਵਾਰ ਵਿਆਹ ਕਰ ਸਕਦੇ ਹਨ। ਵੀਰਵਾਰ ਨੂੰ ਸਾਲਾਨਾ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਨੇ ਸੰਕੇਤ ਦਿੱਤੇ। ਕਾਨਫਰੰਸ 'ਚ ਰਿਪੋਰਟਰਸ ਪੁਤਿਨ ਨਾਲ ਅੰਤਰਰਾਸ਼ਟਰੀ ਮੁੱਦਿਆਂ 'ਤੇ ਅਰਥਵਿਵਸਥਾ 'ਤੇ ਸਵਾਲ ਕਰ ਰਹੇ ਸਨ ਤਦੇ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਕਿ ਉਹ ਇਕ ਅਜਿਹਾ ਰਾਜ਼ ਦੱਸਣ ਜੋ ਕਿ ਉਨ੍ਹਾਂ ਦੇ ਦਿਲ ਦੇ ਨੇੜੇ ਹੈ। ਇਸ 'ਤੇ ਮੁਸਕੁਰਾਉਂਦੇ ਹੋਏ ਪੁਤਿਨ ਨੇ ਕਿਹਾ ਕਿ ਇਕ ਇੱਜ਼ਤਦਾਰ ਵਿਅਕਤੀ ਹੋਣ ਦੇ ਨਾਲ ਮੈਨੂੰ ਕਦੇ ਨਾ ਕਦੇ ਵਿਆਹ ਕਰਨਾ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਨਾਲ ਵਿਆਹ ਕਰਨਗੇ। ਦੱਸਣਯੋਗ ਹੈ ਕਿ ਰੂਸੀ ਰਾਸ਼ਟਰਪਤੀ ਦਾ ਨਾਂ ਬੀਤੇ ਕੁਝ ਸਮੇਂ ਤੋਂ ਸਾਬਕਾ ਓਲੰਪਿਕ ਜਿਮਨਾਸਟ ਅਲਿਨਾ ਕਬਾਏਵਾ ਨਾਲ ਜੋੜਿਆ ਜਾਂਦਾ ਰਿਹਾ ਹੈ। ਅਜਿਹੇ 'ਚ ਜੇਕਰ ਪੁਤਿਨ ਦੂਜਾ ਵਿਆਹ ਕਰਦੇ ਹਨ ਤਾਂ ਇਹ ਜਿਮਨਾਸਟ ਪੁਤਿਨ ਦੀ ਦੂਜੀ ਪਤਨੀ ਬਣ ਸਕਦੀ ਹੈ।
66 ਸਾਲਾ ਪੁਤਿਨ ਨੇ 1983 'ਚ ਲਿਯੂਡਮਿਲਾ ਪੁਤਿਨਾ ਨਾਲ ਵਿਆਹ ਕੀਤਾ ਸੀ। 30 ਸਾਲ ਤੱਕ ਚੱਲੇ ਇਸ ਰਿਸ਼ਤੇ ਤੋਂ ਬਾਅਦ 2013 'ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦੀਆਂ ਦੋਵੇਂ ਬੇਟੀਆਂ ਕੈਟਰੀਨਾ ਤੇ ਮਾਰੀਆ ਸਿਆਸਤ ਤੋਂ ਦੂਰ ਰਹਿੰਦੀਆਂ ਹਨ। ਖੁਦ ਪੁਤਿਨ ਨੇ ਵੀ ਆਪਣੇ ਪਰਿਵਾਰਕ ਜੀਵਨ ਦੇ ਬਾਰੇ 'ਚ ਕਦੇ ਜ਼ਿਕਰ ਨਹੀਂ ਕੀਤਾ।
ਤਲਾਕ ਤੋਂ ਬਾਅਦ ਲੱਗਣ ਲੱਗੇ ਸਨ ਰਿਸ਼ਤਿਆਂ 'ਤੇ ਕਿਆਸ
ਲਿਊਡਮਿਲਾ ਨਾਲ ਤਲਾਕ ਤੋਂ ਬਾਅਦ ਪੁਤਿਨ ਦੇ ਕਈ ਔਰਤਾਂ ਨਾਲ ਰਿਸ਼ਤੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਇਕ ਰੂਸੀ ਅਖਬਾਰ ਨੇ ਦਾਅਵਾ ਕੀਤਾ ਸੀ ਕਿ ਪੁਤਿਨ ਸਾਬਕਾ ਓਲੰਪਿਕ ਜਿਮਨਾਸਟ ਅਲਿਨਾ ਕਬਾਏਵਾ ਦੇ ਨਾਲ ਰਿਲੇਸ਼ਨਸ਼ਿਪ 'ਚ ਹਨ। ਹਾਲਾਂਕਿ ਪੁਤਿਨ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। 2016 'ਚ ਰਾਇਟਰਸ ਨਿਊਜ਼ ਏਜੰਸੀ ਨੇ ਕਿਹਾ ਸੀ ਕਿ ਪੁਤਿਨ ਦੇ ਇਕ ਕਰੀਬੀ ਵਪਾਰੀ ਨੇ ਅਲੀਨਾ ਦੇ ਨਾਂ 'ਤੇ ਕਈ ਜਾਇਦਾਦਾਂ ਟ੍ਰਾਂਸਫਰ ਕੀਤੀਆਂ ਹਨ।