ਹੁਣ ਮੇਕਾਂਗ ਨਦੀ ਬਣ ਸਕਦੀ ਹੈ ਚੀਨ-ਅਮਰੀਕਾ ਵਿਚਕਾਰ ਜੰਗ ਦਾ ਕਾਰਨ
Wednesday, Aug 12, 2020 - 02:32 PM (IST)
ਪੇਈਚਿੰਗ- ਦੱਖਣੀ ਚੀਨ ਸਾਗਰ ਨੂੰ ਲੈ ਕੇ ਚੀਨ ਤੇ ਅਮਰੀਕਾ ਵਿਚਕਾਰ ਪਹਿਲਾਂ ਹੀ ਤਣਾਤਣੀ ਹੈ ਤੇ ਹੁਣ ਇਨ੍ਹਾਂ ਦੋਹਾਂ ਵਿਚਕਾਰ ਮੇਕਾਂਗ ਨਦੀ 'ਤੇ ਬਣ ਰਹੇ ਪੁਲ਼ ਨੂੰ ਲੈ ਕੇ ਵਿਵਾਦ ਬਣ ਸਕਦਾ ਹੈ। ਜੁਲਾਈ ਵਿਚ ਜਾਰੀ ਚੀਨੀ ਸਰਕਾਰ ਦੀ ਇਕ ਸਟੱਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਸਮਰਥਿਤ ਇਕ ਜਾਂਚ ਵਿਚ ਪੂਰਬੀ ਏਸ਼ੀਆ ਦੇ ਹੇਠਲੇ ਦੇਸ਼ਾਂ ਵਿਚ ਪਾਣੀ ਦੇ ਘੱਟ ਵਹਾਅ ਅਤੇ ਸੋਕੇ ਨੂੰ ਲੈ ਕੇ ਚੀਨੀ ਪੁਲ਼ ਨੂੰ ਦੋਸ਼ ਦਿੱਤਾ ਗਿਆ ਹੈ। ਸਟੱਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਇਸ ਮੁੱਦੇ ਨੂੰ ਲੈ ਕੇ ਆਪਣੇ ਸਹਿਯੋਗੀ ਦੇਸ਼ਾਂ ਦੇ ਨਾਂ 'ਤੇ ਚੀਨ ਨੂੰ ਉਲਝਾਉਣ ਦੀ ਤਿਆਰੀ ਕਰ ਰਿਹਾ ਹੈ।
ਸਿੰਘੁਆ ਯੂਨੀਵਰਸਿਟੀ ਅਤੇ ਚੀਨ ਦੇ ਜਲ ਸਰੋਤ ਸੰਸਥਾਨ ਦੀ ਸਾਂਝੀ ਸਟੱਡੀ ਵਿਚ ਤਰਕ ਦਿੱਤਾ ਗਿਆ ਹੈ ਕਿ ਇਸ ਪੁਲ਼ ਨਾਲ ਨਾ ਸਿਰਫ ਬਰਸਾਤ ਦੇ ਦਿਨਾਂ ਵਿਚ ਪਾਣੀ ਨੂੰ ਸਟੋਰ ਕੀਤਾ ਜਾ ਸਕਦਾ ਹੈ, ਬਲਕਿ ਗਰਮੀ ਦੇ ਦਿਨਾਂ ਵਿਚ ਹੇਠਲੇ ਦੇਸ਼ਾਂ ਨੂੰ ਇਸ ਨਾਲ ਪਾਣੀ ਦੀ ਸਪਲਾਈ ਵੀ ਕੀਤੀ ਜਾ ਸਕਦੀ ਹੈ। ਮੇਕਾਂਗ ਨਦੀ ਯੁਨਾਨ ਸੂਬੇ ਵਿਚੋਂ ਨਿਕਲ ਕੇ ਮਿਆਂਮਾਰ, ਥਾਈਲੈਂਡ, ਲਾਓਸ , ਕੰਬੋਡੀਆ ਅਤੇ ਵੀਅਤਨਾਮ ਤੋਂ ਹੋ ਕੇ ਵਹਿੰਦੀ ਹੈ। ਲੰਬਾਈ ਦੇ ਹਿਸਾਬ ਤੋਂ ਮੇਕਾਂਗ ਦੁਨੀਆ ਦੀ 10ਵੀਂ ਸਭ ਤੋਂ ਵੱਡੀ ਨਦੀ ਹੈ।
ਵੀਅਤਨਾਮ ਅਤੇ ਥਾਈਲੈਂਡ ਵਿਚ ਐਮਰਜੈਂਸੀ
ਮੇਕਾਂਗ 'ਤੇ ਬਣੇ ਬੰਨ੍ਹ ਤੋਂ ਪਾਣੀ ਦੀ ਕਮੀ ਨੂੰ ਦੇਖਦੇ ਹੋਏ ਵੀਅਤਨਾਮ ਨੇ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕਰ ਦਿੱਤੀ ਹੈ। ਜਦਕਿ ਥਾਈਲੈਂਡ ਨੇ ਸਾਲ ਦੇ ਅੰਤ ਵਿਚ ਸ਼ੁਰੂ ਹੋਣ ਵਾਲੀਆਂ ਰਾਹਤ ਕੋਸ਼ਿਸ਼ਾਂ ਵਿਚ ਆਪਣੀ ਫੌਜ ਨੂੰ ਸ਼ਾਮਲ ਕਰ ਲਿਆ ਹੈ।
ਮਾਹਿਰਾਂ ਨੇ ਕਿਹਾ ਕਿ ਪਾਣੀ ਦੇ ਮੁੱਦੇ 'ਤੇ ਚੀਨ ਦਾ ਆਪਣੇ ਗੁਆਂਢੀ ਦੇਸ਼ਾਂ ਤੋਂ ਵਿਵਾਦ ਅਤੇ ਡੂੰਘਾ ਹੋ ਸਕਦਾ ਹੈ। ਉੱਥੇ ਹੀ, ਅਮਰੀਕਾ ਵੀ ਆਪਣੇ ਸਹਿਯੋਗੀ ਦੇਸ਼ਾਂ ਵਲੋਂ ਚੀਨ ਦੇ ਖਿਲਾਫ ਮੋਰਚਾ ਖੋਲ੍ਹ ਸਕਦਾ ਹੈ।
ਮੇਕਾਂਗ ਨਦੀ ਪੂਰਬੀ ਏਸ਼ੀਆ ਵਿਚ 60 ਮਿਲੀਅਨ ਲੋਕਾਂ ਦੀ ਜੀਵਨ ਰੇਖਾ ਹੈ। ਕੰਬੋਡੀਆ, ਲਾਓਸ, ਥਾਈਲੈਂਡ, ਮਿਆਂਮਾਰ ਅਤੇ ਵੀਅਤਨਾਮ ਦੀ ਮੀਡੀਆ ਨੇ ਦੇਸ਼ ਵਿਚ ਸੋਕੇ ਨੂੰ ਲੈ ਕੇ ਕਈ ਰਿਪੋਰਟਾਂ ਨੂੰ ਜਾਰੀ ਕੀਤਾ ਹੈ। ਜਿਸ ਵਿਚ ਸੋਕੇ ਲਈ ਚੀਨ ਦੇ ਪੁਲ਼ ਨੂੰ ਦੋਸ਼ੀ ਦੱਸਿਆ ਗਿਆ ਹੈ। ਚੀਨ ਆਪਣੇ ਜਲ ਯੋਜਨਾ ਅਤੇ ਸਿੰਜਾਈ ਲਈ ਮੇਕਾਂਗ ਨਦੀ ਦੇ 47 ਅਰਬ ਕਿਊਬਿਕ ਮੀਟਰ ਪਾਣੀ ਦੀ ਉਪਯੋਗ ਕਰ ਰਿਹਾ ਹੈ। ਹਾਲਾਂਕਿ ਚੀਨ ਦਾ ਕਹਿਣਾ ਹੈ ਕਿ ਸੋਕੇ ਦਾ ਕਾਰਨ ਕੁਦਰਤੀ ਹੈ।