ਭਾਰਤ ਨਾਲ ਜੰਗ ਲੜਨਾ ਪਾਕਿਸਤਾਨ ਦੇ ਵੱਸ ਦੀ ਗੱਲ ਨਹੀਂ : ਪਾਕਿ ਲੇਖਿਕਾ

08/18/2019 9:21:22 PM

ਲੰਡਨ (ਏਜੰਸੀ)- ਜੰਮੂ-ਕਸ਼ਮੀਰ ਦੀ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਹੀ ਪਾਕਿਸਤਾਨ ਬੌਖਲਾਇਆ ਹੋਇਆ ਹੈ। ਇਮਰਾਨ ਖਆਨ ਦੇ ਮੰਤਰੀ ਤੋਂ ਲੈ ਕੇ ਪਾਕਿਸਤਾਨੀ ਫੌਜ ਦੇ ਅਧਿਕਾਰੀ ਭਾਰਤ ਨੂੰ ਜੰਗ ਦੀ ਗਿੱਦੜ ਭੱਬਕੀ ਦੇ ਰਹੇ ਹਨ। ਇਨ੍ਹਾਂ ਸਭ ਦੇ ਵਿਚਾਲੇ ਪਾਕਿਸਤਾਨ ਦੀ ਲੇਖਿਕਾ ਅਤੇ ਫੌਜੀ ਮਾਮਲਿਆਂ ਦੀ ਮਾਹਰ ਆਇਸ਼ਾ ਸਿੱਦੀਕਾ ਨੇ ਇਮਰਾਨ ਖਾਨ ਅਤੇ ਪਾਕਿਸਤਾਨੀ ਫੌਜ ਨੂੰ ਲਤਾੜ ਲਗਾਈ ਹੈ। ਪਾਕਿਸਤਾਨੀ ਲੇਖਿਕਾ ਆਇਸ਼ਾ ਸਿੱਦੀਕਾ ਨੇ ਕਸ਼ਮੀਰ ਤੋਂ ਧਾਰਾ 370 ਅਤੇ ਧਾਰਾ 35ਏ ਨੂੰ ਹਟਾਏ ਜਾਣ ਨੂੰ ਲੈ ਕੇ ਕਿਹਾ ਕਿ ਪਾਕਿਸਤਾਨ ਅਤੇ ਉਸ ਦੀ ਫੌਜ ਕਸ਼ਮੀਰ 'ਤੇ ਭਾਰਤ ਖਿਲਾਫ ਜੰਗ ਲੜਣ ਦੀ ਸਥਿਤੀ ਵਿਚ ਨਹੀਂ ਹੈ, ਕਿਉਂਕਿ ਦੇਸ਼ ਦੀ ਮਾੜੀ ਅਰਥਵਿਵਸਥਾ ਅਤੇ ਵੱਧਦੀ ਮਹਿੰਗਾਈ ਨੇ ਆਮ ਆਦਮੀ ਦੇ ਜੀਵਨ 'ਤੇ ਇਕ ਤਬਾਹੀ ਵਾਲਾ ਪ੍ਰਭਾਵ ਛੱਡਿਆ ਹੈ। ਦੱਸ ਦਈਏ ਕਿ ਆਇਸ਼ਾ ਮਿਲਟਰੀ ਇੰਕ ਇਨਸਾਈਡ ਪਾਕਿਸਤਾਨੀ ਮਿਲਟਰੀ ਇਕਾਨੋਮੀ ਦੀ ਲੇਖਿਕਾ ਹੈ।

ਉਨ੍ਹਾਂ ਨੇ ਕਿਹਾ ਕਿ ਮੈਂ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਵਿਚ ਇਕ ਦੋਸਤ ਦੇ ਨਾਲ ਗੱਲਬਾਤ ਕਰ ਰਹੀ ਸੀ। ਮੈਂ ਉਸ ਤੋਂ ਪੁੱਛਿਆ ਕਿ ਫੌਜ ਕਿਉਂ ਨਹੀਂ ਲੜ ਰਹੀ ਹੈ। ਤਾਂ ਜਵਾਬ ਆਇਆ ਕਿ ਉਹ ਹਾਰ ਜਾਣਗੇ। ਹੁਣ ਆਮ ਲੋਕ ਸਮਝਦੇ ਹਨ ਕਿ ਇਹ ਸਹੀ ਸਮਾਂ ਨਹੀਂ ਹੈ ਭਾਰਤ ਖਿਲਾਫ ਜੰਗ ਲੜਣ ਦਾ। ਆਇਸ਼ਾ ਸਿੱਦੀਕਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੇ ਆਮ ਲੋਕਾਂ ਦਾ ਮੰਨਣਾ ਹੈ ਕਿ ਭਾਰਤ ਨਾਲ ਜੰਗ ਲੜਣਾ ਅਸੰਭਵ ਹੈ। ਲੋਕਾਂ ਅੰਦਰ ਨਿਰਾਸ਼ਾ ਹੈ ਕਿ ਕੁਝ ਵੀ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 72 ਸਾਲਾਂ ਤੋਂ ਪਾਕਿਸਤਾਨ ਦੀ ਫੌਜ ਕਸ਼ਮੀਰ ਅਤੇ ਭਾਰਤ 'ਤੇ ਧਿਆਨ ਕੇਂਦਰਿਤ ਕੀਤੇ ਹੋਏ ਹਨ ਹੁਣ ਇਹ ਦੇਖਣ ਦਾ ਸਮਾਂ ਹੈ ਕਿ ਪਾਕਿਸਤਾਨ ਦੀ ਫੌਜ ਕੀ ਪ੍ਰਤੀਕਿਰਿਆ ਦਿੰਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਵਿਚ ਵੀ ਹਾਰ ਦਾ ਸਵਾਦ ਚੱਖਿਆ ਹੈ ਅਤੇ ਹੁਣ ਉਹ ਆਪਣੇ ਨਾਗਰਿਕ ਸਮਾਜ ਦੇ ਮੈਂਬਰਾਂ ਨੂੰ ਸਾਧਣ ਲਈ ਕੰਮ ਕਰੇਗਾ, ਜੋ ਕਸ਼ਮੀਰ 'ਤੇ ਸਰਕਾਰ ਦੀ ਅਸਫਲਤਾ 'ਤੇ ਸਵਾਲ ਚੁੱਕਣਗੇ। ਆਇਸ਼ਾ ਨੇ ਪਸ਼ਤੂਨ ਵੱਧ ਗਿਣਤੀ ਇਲਾਕਿਆਂ ਵਿਚ ਅੱਤਵਾਦ ਨੂੰ ਰੋਕਣ ਅਤੇ ਨਿਰਦੋਸ਼ ਰਾਜਨੀਤਕ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਵਿਚ ਇਸਲਾਮਾਬਾਦ ਦੀ ਅਸਫਲਤਾ 'ਤੇ ਸਵਾਲ ਚੁੱਕਿਆ। ਆਇਸ਼ਾ ਪਾਕਿਸਤਾਨ ਦੇ ਲਾਹੌਰ ਤੋਂ ਹਨ। ਮੌਜੂਦਾ ਸਮੇਂ ਵਿਚ ਉਹ ਲੰਡਨ ਦੇ ਐਸ.ਓ.ਏ.ਐਸ. ਯੂਨੀਵਰਸਿਟੀ ਵਿਚ ਇਕ ਖੋਜ ਸਹਿਯੋਗੀ ਦੇ ਰੂਪ ਵਿਚ ਕੰਮ ਕਰ ਰਹੀ ਹੈ।


Sunny Mehra

Content Editor

Related News