ਵਾਲ ਸਟ੍ਰੀਟ ਵਲੋਂ ਕੈਲੀਫੋਰਨੀਆ ’ਚ ਖੇਤੀਬਾੜੀ ਲਈ ਪਾਣੀ ਦਾ ਵਪਾਰ ਕੀਤਾ ਜਾਏਗਾ ਸ਼ੁਰੂ
Saturday, Sep 19, 2020 - 08:09 AM (IST)
ਲਾਸ ਏਂਜਲਸ, (ਇੰਟ.)–ਵਾਲ ਸਟ੍ਰੀਟ ਵਲੋਂ ਛੇਤੀ ਹੀ ਇਕ ਨਵੇਂ ਧੰਦੇ ਨੂੰ ਸ਼ੁਰੂ ਕੀਤਾ ਜਾਣ ਵਾਲਾ ਹੈ। ਇਹ ਧੰਦਾ ਪਾਣੀ ਨਾਲ ਸਬੰਧਤ ਹੈ। ਇਸ ਸਮੇਂ ਦੁਨੀਆ ਦੀ ਵੱਡੀ ਆਬਾਦੀ ਪਾਣੀ ਦੇ ਸੰਕਟ ਦਾ ਸ਼ਿਕਾਰ ਹੈ। ਸੀ. ਐੱਮ. ਈ. ਮੁਤਾਬਕ 2025 ਤੱਕ ਦੁਨੀਆ ਦੀ ਲਗਭਗ ਦੋ-ਤਿਹਾਈ ਆਬਾਦੀ ਪਾਣੀ ਦੇ ਗੰਭੀਰ ਸੰਕਟ ਨਾਲ ਘਿਰੀ ਹੋਵੇਗੀ। ਵਾਲ ਸਟ੍ਰੀਟ ਵਲੋਂ ਭਵਿੱਖ ਦੀਆਂ ਲੋੜਾਂ ਨੂੰ ਹੁਣ ਤੋਂ ਹੀ ਭਾਂਪਦਿਆਂ ਅਮਰੀਕਾ ਦੇ ਕੈਲੀਫੋਰਨੀਆ ’ਚ ਵਾਟਰ ਸਪਲਾਈ ਸਬੰਧੀ ਨਵਾਂ ਵਪਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅਮਰੀਕਾ ’ਚ ਆਪਣੀ ਕਿਸਮ ਦਾ ਇਹ ਪਹਿਲਾ ਕਾਂਟ੍ਰੈਕਟ ਹੋਵੇਗਾ, ਜਿਸ ਨੂੰ ਸੀ. ਐੱਮ. ਈ. ਗਰੁੱਪ ਇੰਕ ਵਲੋਂ ਤਿਆਰ ਕੀਤਾ ਜਾਏਗਾ। ਸੀ. ਐੱਮ. ਈ. ਮੁਤਾਬਕ ਕੈਲੀਫੋਰਨੀਆ ’ਚ ਪਾਣੀ ਦੀ ਖਪਤ ਵਾਲੇ ਦੋ ਵੱਡੇ ਅਦਾਰੇ ਹਨ। ਇਨ੍ਹਾਂ ’ਚੋਂ ਇਕ ਬਦਾਮਾਂ ਦੇ ਬਾਗ ਅਤੇ ਦੂਜੀਆਂ ਨਗਰਪਾਲਿਕਾਵਾਂ ਹਨ।
ਕੈਲੀਫੋਰਨੀਆ ’ਚ ਪਿਛਲੇ ਕਈ ਸਾਲਾਂ ਤੋਂ ਪਾਣੀ ਦੀ ਸਪਲਾਈ ਦਾ ਸੰਕਟ ਹੀ ਚਲ ਰਿਹਾ ਹੈ। ਏਸ਼ੀਆ ਅਤੇ ਅਫਰੀਕਾ ਵਰਗੇ ਖੇਤਰਾਂ ’ਚ ਵੀ ਤਾਪਮਾਨ ਵਧਣ ਕਾਰਣ ਪਾਣੀ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਸੀ. ਐੱਮ. ਈ. ਦੇ ਇਕ ਚੋਟੀ ਦੇ ਕੌਮਾਂਤਰੀ ਅਧਿਕਾਰੀ ਟਿਮ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਸ ਸਮੇਂ ਪੂਰੀ ਦੁਨੀਆ ’ਚ ਪਾਣੀ ਦੀ ਕਮੀ ਇਕ ਵੱਡੀ ਚੁਣੌਤੀ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ। ਦੋ ਅਰਬ ਲੋਕਾਂ ਨੂੰ ਪਾਣੀ ਦੇ ਸੰਕਟ ਦਾ ਵਿਸ਼ੇਸ਼ ਤੌਰ ’ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਵਾਲ ਸਟ੍ਰੀਟ ਨੇ ਇਸ ਨਵੀਂ ਚੁਣੌਤੀ ਨੂੰ ਮਹਿਸੂਸ ਕੀਤਾ। ਇਸ ਤੋਂ ਪਹਿਲਾਂ ਇਕ ਸਰਮਾਏਦਾਰ ਮਿਸ਼ੇਲ ਬਰੀ ਨੇ 10 ਸਾਲ ਪਹਿਲਾਂ ਪਾਣੀ ਦੇ ਸੰਕਟ ਵੱਲ ਧਿਆਨ ਦਿਵਾਇਆ ਸੀ ਅਤੇ ਉਨ੍ਹਾਂ ਕਿਹਾ ਸੀ ਕਿ ਹੁਣ ਪਾਣੀ ਵੱਲ ਧਿਆਨ ਕੇਂਦਰਿਤ ਕਰ ਕੇ ਸਰਮਾਇਆ ਲਾਏ ਜਾਣ ਦੀ ਲੋੜ ਹੈ। ਕੈਲੀਫੋਰਨੀਆ ’ਚ ਉਨ੍ਹਾਂ ਸਰਮਾਏਦਾਰਾਂ ਲਈ ਇਹ ਇਕ ਵੱਖਰੀ ਕਿਸਮ ਦੀ ਗੱਲ ਹੋਵੇਗੀ ਕਿ ਇਥੇ ਪਾਣੀ ’ਤੇ ਪੂੰਜੀ ਲਾਉਣ ਦੇ ਮੌਕੇ ਸਾਹਮਣੇ ਆਏ ਹਨ।
ਚੌਗਿਰਦਾ ਮਾਹਰਾਂ ਨੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਗੱਲ ਦੀ ਤਾੜਨਾ ਕੀਤੀ ਸੀ ਕਿ ਆਉਂਦੇ ਸਾਲਾਂ ਦੌਰਾਨ ਖੇਤੀਬਾੜੀ ਖੇਤਰ ਅਤੇ ਇਸ ਦੇ ਨਾਲ ਹੀ ਵਧ ਰਹੇ ਸ਼ਹਿਰਾਂ ਕਾਰਣ ਪਾਣੀ ਦੀ ਲੋੜ ਵਧ ਸਕਦੀ ਹੈ। ਕਈ ਦੇਸ਼ਾਂ ’ਚ ਸੋਕੇ ਕਾਰਣ ਫਸਲਾਂ ਨੂੰ ਨੁਕਸਾਨ ਪਹੁੰਚਦਾ ਹੈ। ਕਿਸਾਨਾਂ ਨੂੰ ਜੇ ਪਾਣੀ ਸੰਤੁਲਿਤ ਮਾਤਰਾ ’ਚ ਮਿਲਦਾ ਰਹੇ ਤਾਂ ਉਨ੍ਹਾਂ ਨੂੰ ਭਰਵੀਂ ਫਸਲ ਲੈਣ ’ਚ ਸੌਖ ਹੋ ਸਕਦੀ ਹੈ।
ਸੀ. ਐੱਮ. ਈ. ਦਾ ਉਕਤ ਕਾਂਟ੍ਰੈਕਟ ਜੋ ਅਜੇ ਕੈਲੀਫੋਰਨੀਆ ਦੀ ਵਾਟਰ ਮਾਰਕੀਟ ਨਾਲ ਸਬੰਧਤ ਹੈ, 1.1 ਬਿਲੀਅਨ ਡਾਲਰ ਦਾ ਹੈ। ਇਸ ਨੂੰ ਇਸ ਸਾਲ ਦੇ ਅੰਤ ’ਚ ਸ਼ੁਰੂ ਕੀਤਾ ਜਾਏਗਾ। ਕੈਲੀਫੋਰਨੀਆ ’ਚ ਪਾਣੀ ਦੀ ਕੁਲ ਖਪਤ ਦਾ 40 ਫੀਸਦੀ ਹਿੱਸਾ ਖੇਤੀਬਾੜੀ ਨਾਲ ਸਬੰਧਤ ਹੈ।