ਵੋਡਾਫੋਨ ਨੇ ਇੰਡਸ ਟਾਵਰਸ ’ਚ 18 ਫੀਸਦੀ ਹਿੱਸੇਦਾਰੀ 15,300 ਕਰੋੜ ਰੁਪਏ ’ਚ ਵੇਚੀ
Thursday, Jun 20, 2024 - 10:41 AM (IST)
ਨਵੀਂ ਦਿੱਲੀ (ਭਾਸ਼ਾ) - ਬ੍ਰਿਟੇਨ ਦੀ ਦੂਰਸੰਚਾਰ ਕੰਪਨੀ ਵੋਡਾਫੋਨ ਨੇ ਟਾਵਰ ਕਾਰੋਬਾਰ ਨਾਲ ਜੁੜੀ ਇੰਡਸ ਟਾਵਰਸ ’ਚ 18 ਫੀਸਦੀ ਹਿੱਸੇਦਾਰੀ 1.7 ਅਰਬ ਯੂਰੋ (ਲੱਗਭੱਗ 15,300 ਕਰੋੜ ਰੁਪਏ) ’ਚ ਵੇਚ ਦਿੱਤੀ ਹੈ। ਵੋਡਾਫੋਨ ਨੇ ਕਿਹਾ ਕਿ ਉਹ ਇਸ ਰਾਸ਼ੀ ਦੇ ਵੱਡੇ ਹਿੱਸੇ ਦੀ ਵਰਤੋਂ ਭਾਰਤ ’ਚ ਕੰਪਨੀ ਦੀਆਂ ਸੰਪਤੀਆਂ ਦੇ ਇੱਵਜ਼ ’ਚ ਬੈਂਕ ਤੋਂ ਲਏ ਗਏ 1.8 ਅਰਬ ਯੂਰੋ ਦੇ ਬਕਾਇਆ ਕਰਜ਼ੇ ਦਾ ਭੁਗਤਾਨ ਕਰਨ ’ਚ ਕਰੇਗੀ।
ਵੋਡਾਫੋਨ ਨੇ ਕਿਹਾ,“ਵੋਡਾਫੋਨ ਗਰੁੱਪ ਪੀ. ਐੱਲ. ਸੀ. ਨੇ ਇੰਡਸ ਟਾਵਰਸ ਲਿਮਟਿਡ ’ਚ 48.47 ਕਰੋਡ਼ ਸ਼ੇਅਰ ਵੇਚ ਦਿੱਤੇ। ਇਹ ਸ਼ੇਅਰ ਇੰਡਸ ਦੀ ਸ਼ੇਅਰ ਪੂੰਜੀ ਦਾ 18 ਫੀਸਦੀ ਹੈ।”
ਕੰਪਨੀ ਨੇ ਕਿਹਾ,“ਇਸ ਵਿਕਰੀ ਨਾਲ 153 ਅਰਬ ਰੁਪਏ (1.7 ਅਰਬ ਯੂਰੋ) ਦੀ ਕੁਲ ਕਮਾਈ ਹੋਈ ਹੈ। ਇਸ ਰਾਸ਼ੀ ਦਾ ਵਿਸ਼ੇਸ਼ ਤੌਰ ’ਤੇ ਇਸਤੇਮਾਲ ਵੋਡਾਫੋਨ ਦੀ ਭਾਰਤੀ ਸੰਪਤੀਆਂ ’ਤੇ ਬੈਂਕਾਂ ਤੋਂ ਲਏ ਗਏ 1.8 ਅਰਬ ਯੂਰੋ ਦੇ ਬਕਾਇਆ ਕਰਜ਼ੇ ਨੂੰ ਚੁਕਾਉਣ ’ਚ ਕੀਤਾ ਜਾਵੇਗਾ।”
ਇਸ ਸ਼ੇਅਰ ਵਿਕਰੀ ਤੋਂ ਬਾਅਦ ਇੰਡਸ ਟਾਵਰਸ ’ਚ ਵੋਡਾਫੋਨ ਦੀ ਹਿੱਸੇਦਾਰੀ ਘੱਟ ਕੇ 3.1 ਫੀਸਦੀ ਰਹਿ ਗਈ ਹੈ। ਇਸ ’ਚ, ਭਾਰਤੀ ਏਅਰਟੈੱਲ ਨੇ ਲੱਗਭੱਗ 2.69 ਕਰੋਡ਼ ਸ਼ੇਅਰਾਂ ਦੇ ਐਕਵਾਇਰ ਨਾਲ ਇੰਡਸ ਟਾਵਰਸ ’ਚ ਆਪਣੀ ਹਿੱਸੇਦਾਰੀ ਇਕ ਫੀਸਦੀ ਵਧਾ ਲਈ ਹੈ।
ਏਅਰਟੈੱਲ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ’ਚ ਕਿਹਾ,“ਇੰਡਸ ਟਾਵਰਸ ਦੇ 2.7 ਕਰੋਡ਼ ਸ਼ੇਅਰਾਂ ਦੇ ਅੈਕਵਾਇਰ ਲਈ ਵਿਸ਼ੇਸ਼ ਕਮੇਟੀ ਦੀ ਪ੍ਰਵਾਨਗੀ ਤੋਂ ਬਾਅਦ ਕੰਪਨੀ ਨੇ ਬਾਜ਼ਾਰ ’ਚ ਲੱਗਭੱਗ 2.69 ਕਰੋਡ਼ ਯਾਨੀ ਇਕ ਫੀਸਦੀ ਇਕਵਿਟੀ ਸ਼ੇਅਰਾਂ ਦਾ ਅੈਕਵਾਇਰ ਕੀਤਾ ਹੈ।”
ਇਸ ਸੌਦੇ ਨਾਲ ਇੰਡਸ ਟਾਵਰਸ ’ਚ ਏਅਰਟੈੱਲ ਦੀ ਹਿੱਸੇਦਾਰੀ 47.95 ਫੀਸਦੀ ਤੋਂ ਵਧ ਕੇ 48.95 ਫੀਸਦੀ ਹੋ ਗਈ ਹੈ।