ਆਸਟ੍ਰੇਲੀਆ 'ਚ ਸਿੱਖਾਂ 'ਤੇ ਹਮਲੇ ਦੇ ਦੋਸ਼ੀ ਵਿਸ਼ਾਲ ਜੂਡ ਨੂੰ ਭਾਰਤ ਕੀਤਾ ਗਿਆ ਡਿਪੋਰਟ
Tuesday, Oct 19, 2021 - 12:13 PM (IST)
ਸਿਡਨੀ (ਚਾਂਦਪੁਰੀ): ਆਸਟ੍ਰੇਲੀਆ ਵਿਚ ਸਿੱਖਾਂ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਦੋਸ਼ੀ ਭਾਰਤੀ ਮੂਲ ਦੇ ਨੌਜਵਾਨ ਵਿਸ਼ਾਲ ਜੂਡ ਨੂੰ ਆਸਟ੍ਰੇਲੀਆ ਦੀ ਸਰਕਾਰ ਨੇ ਭਾਰਤ ਡਿਪੋਰਟ ਕਰ ਦਿੱਤਾ ਹੈ। ਵਿਸ਼ਾਲ ਜੂਡ ਨੂੰ ਜੇਲ੍ਹ ਤੋਂ ਰਿਹਾਅ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਆਸਟ੍ਰੇਲੀਆ ਨੇ ਭਾਰਤ ਭੇਜ ਦਿੱਤਾ। ਇਸ ਦੀ ਪੁਸ਼ਟੀ ਕਰਦਿਆਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਅਲੈਕਸ ਹਾਕ ਨੇ ਕਿਹਾ ਕਿ ਨੌਜਵਾਨ ਨੂੰ ਪਹਿਲੀ ਉਡਾਣ ਰਾਹੀਂ ਭਾਰਤ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਰੀਸਨ ਸਰਕਾਰ ਨੇ ਆਸਟ੍ਰੇਲੀਅਨ ਜਨਤਾ ਨੂੰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਤੋਂ ਬਚਾਉਣ ਲਈ ਬਹੁਤ ਗੰਭੀਰ ਕਦਮ ਚੁੱਕੇ ਹਨ ਅਤੇ ਅਸੀਂ ਹਮੇਸ਼ਾ ਆਪਣੇ ਭਾਈਚਾਰੇ ਦੀ ਰੱਖਿਆ ਲਈ ਨਿਰਣਾਇਕ ਫ਼ੈਸਲੇ ਲਵਾਂਗੇ।
ਇਹ ਵੀ ਪੜ੍ਹੋ : WHO ਨੇ ਭਾਰਤ ਬਾਇਓਟੈਕ ਤੋਂ ਮੰਗੀ ਹੋਰ ਜਾਣਕਾਰੀ, ਕਿਹਾ- 'Covaxin ’ਤੇ ਕਾਹਲੀ ਨਹੀਂ ਕਰ ਸਕਦੇ'
ਗੌਰਤਲਬ ਹੈ ਕਿ ਵਿਸ਼ਾਲ ਜੂਡ ਨੂੰ ਐੱਨ.ਐੱਸ.ਡਬਲਯੂ. ਪੁਲਸ ਨੇ ਅਪ੍ਰੈਲ ਵਿਚ ਕਈ ਸਿੱਖਾਂ 'ਤੇ ਹਮਲੇ ਦੇ ਬਾਅਦ ਗ੍ਰਿਫ਼ਤਾਰ ਕੀਤਾ ਸੀ। ਵਿਸ਼ਾਲ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਹਾਲਾਂਕਿ, ਜੂਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੁਦ ਏਜੰਸੀਆਂ ਤੋਂ ਜੂਡ ਦੀ ਰਿਹਾਈ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਵਿਸ਼ਾਲ ਜੂਡ ਦੇ ਸਮਰਥਕਾਂ ਨੇ ਗ੍ਰਿਫ਼ਤਾਰੀ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤੇ। ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਨੇ ਕਿਹਾ ਕਿ ਆਸਟਰੇਲੀਆ ਦੇ ਸਮਾਜਿਕ ਤਾਣੇ-ਬਾਣੇ ਨੂੰ ਖ਼ਰਾਬ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਲੈਕਸ ਨੇ ਅੱਗੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਭਾਈਚਾਰੇ ਦੇ ਨੇਤਾ ਇਸ ਫਿਰਕਾਪ੍ਰਸਤੀ ਤੇ ਦੁਸ਼ਮਣੀ ਦੇ ਵਿਰੁੱਧ ਖੜੇ ਹੋਏ ਹਨ। ਉਨ੍ਹਾਂ ਕਿਹਾ ਕਿ ਖ਼ਾਸ ਤੌਰ 'ਤੇ ਮੈਂ ਕਮਿਊਨਿਟੀ ਲੀਡਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਘਟਨਾ ਦੌਰਾਨ ਆਪਣੇ ਭਾਈਚਾਰੇ ਦੇ ਨਾਲ ਖੜ੍ਹੇ ਹੋਣ ਲਈ ਸਖ਼ਤ ਮਿਹਨਤ ਕੀਤੀ।
ਇਹ ਵੀ ਪੜ੍ਹੋ : ਬ੍ਰਿਟੇਨ ’ਚ ਪਤਨੀ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਉਮਰ ਕੈਦ ਦੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।