ਵਰਜੀਨੀਆ ''ਚ  ਜਨਰਲ ਰੌਬਰਟ ਈ ਲੀ ਦੇ ਬੁੱਤ ਨੂੰ ਹਟਾਇਆ ਜਾਵੇਗਾ

Tuesday, Sep 07, 2021 - 09:50 PM (IST)

ਵਰਜੀਨੀਆ ''ਚ  ਜਨਰਲ ਰੌਬਰਟ ਈ ਲੀ ਦੇ ਬੁੱਤ ਨੂੰ ਹਟਾਇਆ ਜਾਵੇਗਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਵਰਜੀਨੀਆ ਦੇ ਰਿਚਮੰਡ 'ਚ ਕਨਫੈਡਰੇਟ ਜਨਰਲ ਰੌਬਰਟ ਈ ਲੀ ਦੀ ਇੱਕ ਵਿਸ਼ਾਲ ਮੂਰਤੀ ਨੂੰ ਬੁੱਧਵਾਰ, 8 ਸਤੰਬਰ ਨੂੰ ਉਸਦੇ ਸਥਾਨ ਤੋਂ ਹਟਾ ਦਿੱਤਾ ਜਾਵੇਗਾ।  ਇਹ ਮੂਰਤੀ ਜੋ ਕਿ ਸਿਵਲ ਯੁੱਧ ਦੇ ਇੱਕ ਜਰਨੈਲ ਨੂੰ ਸ਼ਰਧਾਂਜਲੀ ਦੇਣ ਵਜੋਂ ਬਣਾਈ ਗਈ ਸੀ, ਨੂੰ ਹੁਣ ਵਿਆਪਕ ਤੌਰ 'ਤੇ ਨਸਲੀ ਅਨਿਆਂ ਦੇ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ। ਇਸ ਬੁੱਤ ਨੂੰ ਹਟਾਉਣ ਦੀ ਤਰੀਕ ਗਵਰਨਰ ਰਾਲਫ ਨੌਰਥਮ ਦੁਆਰਾ ਤੈਅ ਕੀਤੀ ਗਈ ਹੈ। ਰਿਚਮੰਡ ਵਿੱਚ ਘੋੜੇ ਵਾਲੀ ਲੀ ਦੀ 21 ਫੁੱਟ ਲੰਬੀ ਕਾਂਸੀ ਦੀ ਮੂਰਤੀ ਨੂੰ  ਹਟਾਉਣ ਦੀ ਯੋਜਨਾ ਦਾ ਐਲਾਨ ਨੌਰਥਮ ਨੇ ਜੂਨ 2020 ਵਿੱਚ ਕੀਤਾ ਸੀ ਪਰ ਇਸ ਨੂੰ ਹਟਾਉਣ ਦੇ ਵਿਰੋਧ ਵਿੱਚ ਵਸਨੀਕਾਂ ਦੁਆਰਾ ਦਾਇਰ ਕੀਤੇ ਦੋ ਮੁਕੱਦਮਿਆਂ ਕਰਕੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਇਹ ਯੋਜਨਾਵਾਂ ਰੁਕੀਆਂ ਹੋਈਆਂ ਸਨ। ਪਰ ਪਿਛਲੇ ਹਫਤੇ ਵਰਜੀਨੀਆ ਦੀ ਸੁਪਰੀਮ ਕੋਰਟ ਦੇ ਫੈਸਲੇ ਨੇ ਮੂਰਤੀ ਨੂੰ ਹਟਾਉਣ ਦਾ ਰਸਤਾ ਸਾਫ ਕਰ ਦਿੱਤਾ ਸੀ। ਇਸ ਮੂਰਤੀ ਨੂੰ ਹਟਾਉਣ ਦੀਆਂ ਤਿਆਰੀਆਂ ਮੰਗਲਵਾਰ ਸ਼ਾਮ ਨੂੰ ਤਕਰੀਬਨ 6 ਵਜੇ ਸ਼ੁਰੂ ਹੋਣਗੀਆਂ।  ਇਹ ਮੂਰਤੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ੍ਰੈਂਚ ਮੂਰਤੀਕਾਰ ਮਾਰੀਅਸ-ਜੀਨ-ਐਂਟੋਨੀਨ ਮਰਸੀ ਦੁਆਰਾ ਬਣਾਈ ਗਈ ਸੀ ਅਤੇ ਫਰਾਂਸ ਤੋਂ 1890 ਵਿੱਚ ਅਮਰੀਕਾ ਪਹੁੰਚੀ ਸੀ। ਗੋਰੇ ਵਸਨੀਕਾਂ ਨੇ ਬੁੱਤ ਦਾ ਜਸ਼ਨ ਮਨਾਇਆ ਪਰ ਬਹੁਤ ਸਾਰੇ ਕਾਲੇ ਵਸਨੀਕਾਂ ਨੇ ਲੰਮੇ ਸਮੇਂ ਤੋਂ ਇਸਨੂੰ ਗੁਲਾਮੀ ਦੀ ਵਡਿਆਈ ਕਰਨ ਵਾਲੇ ਸਮਾਰਕ ਵਜੋਂ ਵੇਖਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News