ਇਸਲਾਮਾਬਾਦ ਰੈਲੀ ''ਚ ਪੁਲਸ ਤੇ Imran ਸਮਰਥਕਾਂ ਵਿਚਾਲੇ ਹਿੰਸਕ ਝੜਪ, ਫਾਇਰਿੰਗ ਦੌਰਾਨ 7 ਲੋਕਾਂ ਦੀ ਮੌਤ
Monday, Sep 09, 2024 - 12:52 AM (IST)
ਇਸਲਾਮਾਬਾਦ : ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' (ਪੀਟੀਆਈ) ਨੇ ਐਤਵਾਰ ਨੂੰ ਤਾਕਤ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਨੇਤਾ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਇਸ ਦੌਰਾਨ ਪੁਲਸ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਨਾਲ ਪਾਰਟੀ ਨੇ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਘਟਨਾ ਦੌਰਾਨ ਹੋਈ ਗੋਲੀਬਾਰੀ 'ਚ 7 ਲੋਕਾਂ ਦੀ ਮੌਤ ਹੋ ਗਈ।
ਇਸਲਾਮਾਬਾਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੈਲੀ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ) ਜਾਰੀ ਕਰਨ ਤੋਂ ਬਾਅਦ ਇਹ ਰੈਲੀ ਉਪਨਗਰ ਵਿਚ ਸੰਗਜਾਨੀ ਕੈਟਲ ਮਾਰਕੀਟ ਨੇੜੇ ਇਕ ਮੈਦਾਨ ਵਿਚ ਹੋਈ। ਇਸ ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਪੀਟੀਆਈ ਸਮਰਥਕਾਂ ਨੇ ਸ਼ਮੂਲੀਅਤ ਕੀਤੀ। ਇਸ ਨੇ ਸਾਬਤ ਕਰ ਦਿੱਤਾ ਕਿ ਪਾਰਟੀ ਦੇ 71 ਸਾਲਾ ਬਾਨੀ ਖਾਨ ਦੀ ਕੈਦ ਸਮੇਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਪਾਰਟੀ ਦਾ ਆਧਾਰ ਬਰਕਰਾਰ ਹੈ। ਇਮਰਾਨ ਨੂੰ ਪਿਛਲੇ ਸਾਲ 5 ਅਗਸਤ ਨੂੰ ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਦੋਂ ਤੋਂ ਉਹ ਵੱਖ-ਵੱਖ ਮਾਮਲਿਆਂ ਵਿਚ ਜੇਲ੍ਹ ਵਿਚ ਹੈ। ਇਮਰਾਨ ਨੂੰ ਜੇਲ੍ਹ ਵਿਚ 400 ਤੋਂ ਵੱਧ ਦਿਨ ਹੋ ਗਏ ਹਨ।
ਇਹ ਵੀ ਪੜ੍ਹੋ : ਦਿੱਲੀ 'ਚ ਬਦਮਾਸ਼ਾਂ ਦੀ ਦਹਿਸ਼ਤ; ਨਾਈਟ ਕਲੱਬ ਬਾਹਰ ਕੀਤੀ ਅੰਨ੍ਹੇਵਾਹ ਫਾਇਰਿੰਗ, ਬਾਊਂਸਰਾਂ ਨੂੰ ਗੋਡਿਆਂ ਭਾਰ ਬਿਠਾਇਆ
ਐੱਨਓਸੀ ਮੁਤਾਬਕ ਰੈਲੀ ਸ਼ਾਮ 7 ਵਜੇ (ਸਥਾਨਕ ਸਮੇਂ ਮੁਤਾਬਕ) ਸਮਾਪਤ ਹੋਣੀ ਸੀ। ਸਮਾਂ ਸੀਮਾ ਖ਼ਤਮ ਹੁੰਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਸ ਨੂੰ ਰੈਲੀ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਐੱਨਓਸੀ ਦੀ ਪਾਲਣਾ ਨਾ ਕਰਨ ’ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਅਧਿਕਾਰੀਆਂ ਨੇ ਕਿਹਾ ਕਿ ਆਯੋਜਕਾਂ ਨੇ ਸਮਾਂ ਸੀਮਾ ਤੋਂ ਪਹਿਲਾਂ ਸਮਾਗਮ ਖਤਮ ਨਾ ਕਰਕੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸ ਕਾਰਵਾਈ ਦੇ ਜਵਾਬ 'ਚ ਪੀਟੀਆਈ ਵਰਕਰਾਂ ਨੇ ਪੁਲਸ 'ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ 'ਚ ਸੀਨੀਅਰ ਪੁਲਸ ਸੁਪਰਡੈਂਟ ਸ਼ੋਏਬ ਖਾਨ ਸਮੇਤ ਕਈ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ।
ਪੀਟੀਆਈ ਦੇ ਕਈ ਨੇਤਾਵਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਖਾਨ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਨੈਸ਼ਨਲ ਅਸੈਂਬਲੀ ਵਿਚ ਪੀਟੀਆਈ ਨੇਤਾ ਉਮਰ ਅਯੂਬ ਖਾਨ ਨੇ ਕਿਹਾ ਕਿ ਪਾਰਟੀ ਉਦੋਂ ਤੱਕ ਚੁੱਪ ਨਹੀਂ ਬੈਠੇਗੀ, ਜਦੋਂ ਤੱਕ ਖਾਨ ਨੂੰ ਰਿਹਾਅ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ, "ਅਸੀਂ ਇਮਰਾਨ ਖ਼ਾਨ ਦੇ ਸਿਪਾਹੀ ਹਾਂ ਅਤੇ ਜਦੋਂ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਸੀਂ ਚੁੱਪ ਨਹੀਂ ਬੈਠਾਂਗੇ।" ਉਨ੍ਹਾਂ ਰੈਲੀ ਵਿਚ ਹਿੱਸਾ ਲੈਣ ਵਾਲਿਆਂ ਦੀ ਆਵਾਜਾਈ ਨੂੰ ਸੀਮਤ ਕਰਨ ਲਈ ਸੜਕਾਂ ਜਾਮ ਕਰਨ ਦੀ ਨਿੰਦਾ ਕੀਤੀ ਅਤੇ ਐਲਾਨ ਕੀਤਾ ਕਿ ਪੀਟੀਆਈ ਹੁਣ ਦੇਸ਼ ਭਰ ਵਿਚ ਰੈਲੀਆਂ ਕਰੇਗੀ।
8 ਫਰਵਰੀ ਨੂੰ ਹੋਈਆਂ ਚੋਣਾਂ ਤੋਂ ਬਾਅਦ ਇਸਲਾਮਾਬਾਦ ਵਿਚ ਪੀਟੀਆਈ ਦੀ ਇਹ ਪਹਿਲੀ ਵੱਡੀ ਰੈਲੀ ਸੀ। ਪਾਰਟੀ ਇਮਰਾਨ ਨੂੰ ਰਿਹਾਅ ਕਰਨ ਲਈ ਸਰਕਾਰ 'ਤੇ ਦਬਾਅ ਬਣਾਉਣਾ ਚਾਹੁੰਦੀ ਹੈ, ਜੋ ਅਦਾਲਤਾਂ ਦੁਆਰਾ ਜ਼ਮਾਨਤ ਜਾਂ ਬਰੀ ਹੋਣ ਦੇ ਬਾਵਜੂਦ ਜੇਲ੍ਹ ਵਿਚ ਬੰਦ ਹੈ, ਜਿਸ ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਪੀਟੀਆਈ ਦੇ ਚੇਅਰਮੈਨ ਗੌਹਰ ਅਲੀ ਖਾਨ ਨੇ ਕਿਹਾ ਕਿ ਸਰਕਾਰ ਨੇ ਸ਼ਹਿਰ ਨੂੰ ਪਿੰਜਰੇ ਵਿਚ ਬਦਲ ਦਿੱਤਾ ਹੈ, ਪਰ ਫਿਰ ਵੀ ਹਜ਼ਾਰਾਂ ਲੋਕ ਰੈਲੀ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ, "ਇਹ ਦਰਸਾਉਂਦਾ ਹੈ ਕਿ ਇਮਰਾਨ ਖਾਨ ਇਕ ਨੇਤਾ ਹਨ ਅਤੇ ਹਮੇਸ਼ਾ ਨੇਤਾ ਰਹਿਣਗੇ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8