ਫਰਾਂਸ 'ਚ ਟ੍ਰੈਫਿਕ ਨਿਯਮ ਤੋੜਨ 'ਤੇ ਪੁਲਸ ਨੇ 17 ਸਾਲਾ ਲੜਕੇ ਨੂੰ ਮਾਰੀ ਗੋਲ਼ੀ, ਮੌਤ ਤੋਂ ਬਾਅਦ ਭੜਕੇ ਲੋਕ
Thursday, Jun 29, 2023 - 11:32 PM (IST)
ਇੰਟਰਨੈਸ਼ਨਲ ਡੈਸਕ : ਫਰਾਂਸ ਦੀ ਰਾਜਧਾਨੀ ਪੈਰਿਸ 'ਚ ਅਫਰੀਕੀ ਮੂਲ ਦੇ 17 ਸਾਲਾ ਨਾਬਾਲਗ ਲੜਕੇ ਦੀ ਹੱਤਿਆ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਸ਼ਹਿਰ 'ਚ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਘਟਨਾ ਦੇ ਦੂਜੇ ਦਿਨ ਯਾਨੀ ਬੁੱਧਵਾਰ ਨੂੰ ਪੈਰਿਸ 'ਚ ਕਈ ਥਾਵਾਂ 'ਤੇ ਹਿੰਸਾ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ। ਪ੍ਰਦਰਸ਼ਨਕਾਰੀਆਂ ਨੇ ਕਈ ਕਾਰਾਂ ਨੂੰ ਵੀ ਅੱਗ ਲਗਾ ਦਿੱਤੀ। ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਗ੍ਰਹਿ ਮੰਤਰਾਲੇ ਨੇ ਸ਼ਹਿਰ 'ਚ 2000 ਵਾਧੂ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ।
ਇਲਾਕੇ 'ਚ ਸ਼ਨੀਵਾਰ ਤੱਕ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ। ਪੈਰਿਸ ਦੇ ਦੱਖਣ-ਪੱਛਮੀ ਉਪਨਗਰ ਕਲਾਮਾਰਟ ਨੇ ਵੀਰਵਾਰ ਨੂੰ ਆਪਣੀ ਵੈੱਬਸਾਈਟ 'ਤੇ ਇਕ ਬਿਆਨ 'ਚ ਕਰਫਿਊ ਦੀ ਘੋਸ਼ਣਾ ਕੀਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਰਫਿਊ ਰਾਤ 9 ਵਜੇ ਸ਼ੁਰੂ ਹੋਵੇਗਾ ਤੇ ਸਵੇਰੇ 6 ਵਜੇ ਤੱਕ ਰਹੇਗਾ ਅਤੇ ਇਹ ਵੀਰਵਾਰ ਰਾਤ ਤੋਂ ਸੋਮਵਾਰ ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ : ਅਮਰੀਕੀ ਪੌਪ ਗਾਇਕਾ ਮੈਡੋਨਾ ਦੀ ਹਾਲਤ ਨਾਜ਼ੁਕ, ਕਈ ਦਿਨਾਂ ਤੋਂ ICU 'ਚ ਹੈ ਦਾਖਲ
ਪੈਰਿਸ ਦੇ ਉਪਨਗਰ ਨੈਨਟੇਰੇ ਵਿੱਚ ਮੰਗਲਵਾਰ ਨੂੰ ਇਕ 17 ਸਾਲਾ ਲੜਕੇ ਨਾਹੇਲ ਨੂੰ ਪੁਲਸ ਨੇ ਉਦੋਂ ਗੋਲ਼ੀ ਮਾਰ ਦਿੱਤੀ, ਜਦੋਂ ਉਹ ਇਕ ਟ੍ਰੈਫਿਕ ਸਿਗਨਲ 'ਤੇ ਰੁਕਣ 'ਚ ਅਸਫਲ ਰਿਹਾ। ਇਸ ਘਟਨਾ ਤੋਂ ਬਾਅਦ ਫਰਾਂਸ ਵਿੱਚ ਹਿੰਸਾ ਜਾਰੀ ਹੈ। ਬੁੱਧਵਾਰ ਦੇਰ ਰਾਤ ਤੋਂ ਸੈਂਕੜੇ ਲੋਕ ਪੈਰਿਸ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ। ਖ਼ਬਰਾਂ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਕਈ ਇਮਾਰਤਾਂ ਅਤੇ ਕਾਰਾਂ ਨੂੰ ਅੱਗ ਲਗਾ ਦਿੱਤੀ ਹੈ। ਪੁਲਸ ਨੇ ਗੋਲ਼ੀ ਚਲਾਉਣ ਵਾਲੇ ਅਧਿਕਾਰੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਤੱਕ 150 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : PM ਰਿਸ਼ੀ ਸੁਨਕ ਦੇ 495 ਰੁਪਏ ਵਾਲੇ ਪੈੱਨ ਨੇ ਵਧਾ ਦਿੱਤੀ ਪੂਰੇ ਬ੍ਰਿਟੇਨ ਦੀ ਟੈਨਸ਼ਨ, ਜਾਣੋ ਕਾਰਨ
ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਉਨ੍ਹਾਂ ਕਿਹਾ, "ਇਸ ਘਟਨਾ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਇਸ ਤਰ੍ਹਾਂ ਨੌਜਵਾਨ ਦੀ ਹੱਤਿਆ ਨੂੰ ਕੋਈ ਵੀ ਤਰਕ ਜਾਇਜ਼ ਨਹੀਂ ਠਹਿਰਾਉਂਦਾ।" ਫਰਾਂਸ ਵਿੱਚ ਸੰਸਦ ਮੈਂਬਰਾਂ ਨੇ ਬੁੱਧਵਾਰ ਨੂੰ ਨੈਸ਼ਨਲ ਅਸੈਂਬਲੀ 'ਚ ਇਕ ਮਿੰਟ ਦਾ ਮੌਨ ਰੱਖਿਆ। ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਕਿਹਾ, "ਗੋਲ਼ੀਬਾਰੀ ਦੀ ਇਹ ਘਟਨਾ ਸਪੱਸ਼ਟ ਤੌਰ 'ਤੇ ਨਿਯਮਾਂ ਦੀ ਉਲੰਘਣਾ ਹੈ।" ਪੀੜਤ ਪਰਿਵਾਰ ਨੇ ਘਟਨਾ 'ਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਹੱਤਿਆ, ਮਦਦ ਕਰਨ ਅਤੇ ਉਕਸਾਉਣ ਤੇ ਝੂਠੀ ਗਵਾਹੀ ਦੇਣ ਦੇ ਦੋਸ਼ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।