ਨਹੀਂ ਰਹੇ Call of Duty ਬਣਾਉਣ ਵਾਲੇ ਜ਼ੈਂਪੇਲਾ, ਭਿਆਨਕ ਕਾਰ ਹਾਦਸੇ ''ਚ ਗੁਆਈ ਜਾਨ

Tuesday, Dec 23, 2025 - 10:16 AM (IST)

ਨਹੀਂ ਰਹੇ Call of Duty ਬਣਾਉਣ ਵਾਲੇ ਜ਼ੈਂਪੇਲਾ, ਭਿਆਨਕ ਕਾਰ ਹਾਦਸੇ ''ਚ ਗੁਆਈ ਜਾਨ

ਇੰਟਰਨੈਸ਼ਨਲ ਡੈਸਕ- ਵੀਡੀਓ ਗੇਮ ਇੰਡਸਟਰੀ ਦੀਆਂ ਸਭ ਤੋਂ ਮਸ਼ਹੂਰ ਗੇਮਜ਼ 'ਚੋਂ ਇੱਕ, "ਕਾਲ ਆਫ ਡਿਊਟੀ" (Call of Duty) ਦੇ ਨਿਰਮਾਤਾਵਾਂ ਵਿੱਚੋਂ ਇੱਕ, ਵਿੰਸ ਜ਼ੈਂਪੇਲਾ ਦਾ ਇਕ ਭਿਆਨਕ ਕਾਰ ਹਾਦਸੇ 'ਚ ਦਿਹਾਂਤ ਹੋ ਗਿਆ ਹੈ। ਉਹ 55 ਸਾਲਾਂ ਦੇ ਸਨ। ਵੀਡੀਓ ਗੇਮ ਕੰਪਨੀ ਇਲੈਕਟ੍ਰਾਨਿਕ ਆਰਟਸ (EA) ਨੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜ਼ੈਂਪੇਲਾ ਦੀ ਮੌਤ ਐਤਵਾਰ ਨੂੰ ਹੋਈ, ਜਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਫਰਾਰੀ ਕਾਰ ਕੈਲੀਫੌਰਨੀਆ ਵਿਖੇ ਇਕ ਸੁਰੰਗ 'ਚੋਂ ਨਿਕਲਦਿਆਂ ਹੀ ਸਾਹਮਣੇ ਚੱਟਾਨ 'ਚ ਜਾ ਵੱਜੀ 'ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਜ਼ੈਂਪੇਲਾ ਨੇ 2010 ਵਿੱਚ ਰਿਸਪੌਨ ਐਂਟਰਟੇਨਮੈਂਟ (Respawn Entertainment) ਦੀ ਸਥਾਪਨਾ ਕੀਤੀ ਸੀ, ਜੋ ਕਿ EA ਦੀ ਇੱਕ ਸਹਾਇਕ ਕੰਪਨੀ ਹੈ। ਇਸ ਤੋਂ ਪਹਿਲਾਂ ਉਹ ਵੀਡੀਓ ਗੇਮ ਡਿਵੈਲਪਰ ਇਨਫਿਨਿਟੀ ਵਾਰਡ (Infinity Ward) ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵੀ ਰਹਿ ਚੁੱਕੇ ਸਨ।

ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ 'ਕਾਲ ਆਫ ਡਿਊਟੀ' ਫ੍ਰੈਂਚਾਈਜ਼ੀ ਦੀ ਸਿਰਜਣਾ ਸੀ, ਜਿਸ ਦੀਆਂ ਦੁਨੀਆ ਭਰ ਵਿੱਚ 50 ਕਰੋੜ (500 ਮਿਲੀਅਨ) ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ। ਇਹ ਗੇਮ ਪਹਿਲੀ ਵਾਰ 2003 ਵਿੱਚ ਦੂਜੇ ਵਿਸ਼ਵ ਯੁੱਧ ਦੇ ਸਿਮੂਲੇਸ਼ਨ ਵਜੋਂ ਸ਼ੁਰੂ ਹੋਈ ਸੀ। ਹਾਲ ਹੀ ਦੇ ਸਾਲਾਂ ਵਿੱਚ, ਉਨ੍ਹਾਂ ਨੇ 'ਸਟਾਰ ਵਾਰਜ਼ ਜੇਡਾਈ: ਫਾਲਨ ਆਰਡਰ' ਅਤੇ 'ਸਟਾਰ ਵਾਰਜ਼ ਜੇਡਾਈ: ਸਰਵਾਈਵਰ' ਵਰਗੀਆਂ ਪ੍ਰਸਿੱਧ ਐਕਸ਼ਨ ਐਡਵੈਂਚਰ ਗੇਮਾਂ ਦੀ ਵੀ ਅਗਵਾਈ ਕੀਤੀ। ਇਸ ਤੋਂ ਇਲਾਵਾ, ਪੈਰਾਮਾਉਂਟ ਪਿਕਚਰਜ਼ ਨਾਲ ਮਿਲ ਕੇ ਇਸ ਗੇਮ 'ਤੇ ਅਧਾਰਤ ਇੱਕ ਫਿਲਮ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ।

ਇਲੈਕਟ੍ਰਾਨਿਕ ਆਰਟਸ (ਈ.ਏ.) ਦੇ ਸਾਥੀਆਂ ਨੇ ਜ਼ੈਂਪੇਲਾ ਨੂੰ ਇੱਕ ਚੰਗਾ ਦੋਸਤ, ਸਹਿਯੋਗੀ, ਆਗੂ ਅਤੇ ਦੂਰਦਰਸ਼ੀ ਕ੍ਰਿਏਟਰ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ੈਂਪੇਲਾ ਦੇ ਕੰਮ ਨੇ ਆਧੁਨਿਕ ਇੰਟਰਐਕਟਿਵ ਐਂਟਰਟੇਨਮੈਂਟ ਨੂੰ ਨਵਾਂ ਰੂਪ ਦੇਣ ਵਿੱਚ ਮਦਦ ਕੀਤੀ ਅਤੇ ਦੁਨੀਆ ਭਰ ਦੇ ਲੱਖਾਂ ਖਿਡਾਰੀਆਂ ਅਤੇ ਡਿਵੈਲਪਰਾਂ ਨੂੰ ਪ੍ਰੇਰਿਤ ਕੀਤਾ। ਕੰਪਨੀ ਦੇ ਅਨੁਸਾਰ, ਵਿੰਸ ਜ਼ੈਂਪੇਲਾ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਗੇਮਾਂ ਬਣਾਉਣ ਦੇ ਤਰੀਕੇ ਅਤੇ ਖਿਡਾਰੀਆਂ ਦੇ ਆਪਸੀ ਜੁੜਾਵ ਨੂੰ ਪ੍ਰਭਾਵਿਤ ਕਰਦੀ ਰਹੇਗੀ। 


author

Harpreet SIngh

Content Editor

Related News