‘ਬ੍ਰਾਊਨ ਯੂਨੀਵਰਸਿਟੀ’ ’ਚ ਗੋਲੀਬਾਰੀ ਦੇ ਸ਼ੱਕੀ ਦੀ ਮਿਲੀ ਲਾਸ਼
Saturday, Dec 20, 2025 - 02:33 PM (IST)
ਪ੍ਰੋਵੀਡੈਂਸ, (ਭਾਸ਼ਾ)–ਪਿਛਲੇ ਹਫਤੇ ਦੇ ਅੰਤ ਵਿਚ ਅਮਰੀਕਾ ਦੀ ‘ਬ੍ਰਾਊਨ ਯੂਨੀਵਰਸਿਟੀ’ ਵਿਚ ਹੋਈ ਘਾਤਕ ਗੋਲੀਬਾਰੀ ਦੇ ਸ਼ੱਕੀ ਦੀ ਭਾਲ ਵੀਰਵਾਰ ਨੂੰ ਨਿਊ ਹੈਂਪਸ਼ਾਇਰ ਵਿਚ ਇਕ ਸਟੋਰ ਵਿਚ ਖਤਮ ਹੋ ਗਈ, ਜਿੱਥੇ ਅਧਿਕਾਰੀਆਂ ਨੂੰ ਉਹ ਮ੍ਰਿਤਕ ਮਿਲਿਆ।
ਅਧਿਕਾਰੀਆਂ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ੱਕੀ ’ਤੇ ਮੈਸੇਚਿਊਸੈਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਇਕ ਪ੍ਰੋਫੈਸਰ ਦੇ ਕਤਲ ਦਾ ਵੀ ਸ਼ੱਕ ਸੀ। ਪ੍ਰੋਵੀਡੈਂਸ ਪੁਲਸ ਮੁਖੀ ਕਰਨਲ ਆਸਕਰ ਪੇਰੇਜ਼ ਨੇ ਦੱਸਿਆ ਕਿ 48 ਸਾਲਾ ਕਲਾਊਡੀਓ ਨੇਵੇਸ ਵੈਲੇਂਤੇ, ਜੋ ਕਿ ਬ੍ਰਾਊਨ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਅਤੇ ਪੁਰਤਗਾਲੀ ਨਾਗਰਿਕ ਸੀ, ਵੀਰਵਾਰ ਸ਼ਾਮ ਨੂੰ ਮ੍ਰਿਤਕ ਮਿਲਿਆ। ਉਨ੍ਹਾਂ ਦੱਸਿਆ ਕਿ ਲੱਗਦਾ ਹੈ ਕਿ ਸ਼ੱਕੀ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ।
ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪਿਛਲੇ ਸ਼ਨੀਵਾਰ ਨੂੰ ‘ਬ੍ਰਾਊਨ ਯੂਨੀਵਰਸਿਟੀ’ ਦੇ ਲੈਕਚਰ ਹਾਲ ਵਿਚ 2 ਵਿਦਿਆਰਥੀਆਂ ਨੂੰ ਗੋਲੀ ਮਾਰ ਕੇ ਮਾਰਨ ਅਤੇ 9 ਹੋਰਨਾਂ ਨੂੰ ਜ਼ਖਮੀ ਕਰਨ ਲਈ ਉਹੀ ਜ਼ਿੰਮੇਵਾਰ ਹੈ। ਦੋ ਦਿਨ ਬਾਅਦ ਉਸ ਨੇ ਪ੍ਰੋਵੀਡੈਂਸ ਤੋਂ ਲੱਗਭਗ 80 ਕਿਲੋਮੀਟਰ ਦੂਰ ਬਰੁਕਲਾਈਨ ਵਿਚ ਪੁਰਤਗਾਲੀ ਐੱਮ. ਆਈ. ਟੀ. ਪ੍ਰੋਫੈਸਰ ਨੂਨੋ ਐੱਫ. ਜੀ. ਲੌਰੇਇਰੋ ਦਾ ਉਸ ਦੇ ਘਰ ਵਿਚ ਕਤਲ ਕਰ ਦਿੱਤਾ।
