ਪੁਤਿਨ ਨਾਲ ਬਗਾਵਤ ਮਗਰੋਂ ਪਹਿਲੀ ਵਾਰ ਵੈਗਨਰ ਦੇ ਫੌਜ ਮੁਖੀ ਪ੍ਰਿਗੋਝਿਨ ਦੀ ਵੀਡੀਓ ਆਈ ਸਾਹਮਣੇ
Friday, Jul 21, 2023 - 02:27 PM (IST)
ਮਾਸਕੋ (ਭਾਸ਼ਾ)- ਰੂਸ ਦੀ ਨਿੱਜੀ ਫੌਜ ਵੈਗਨਰ ਗਰੁੱਪ ਦਾ ਮੁਖੀ ਯੇਵਗੇਨੀ ਪ੍ਰਿਗੋਝਿਨ ਬੁੱਧਵਾਰ ਨੂੰ ਇਕ ਵੀਡੀਓ ਵਿਚ ਦਿਖਾਈ ਦਿੱਤਾ, ਜਿਸ ਵਿਚ ਉਹ ਆਪਣੇ ਸੈਨਿਕਾਂ ਨੂੰ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਅਫਰੀਕਾ ਵਿਚ ਤਾਇਨਾਤੀ ਤੋਂ ਪਹਿਲਾਂ ਉਨ੍ਹਾਂ ਨੂੰ ਬੇਲਾਰੂਸ ਵਿਚ ਆਪਣੀ ਫੌਜੀ ਸਿਖਲਾਈ ਲਈ ਕੁਝ ਸਮਾਂ ਬਿਤਾਉਣਾ ਪਵੇਗਾ। ਪਿਛਲੇ ਮਹੀਨੇ ਪ੍ਰਿਗੋਝਿਨ ਦੀ ਅਗਵਾਈ ਵਿਚ ਰੂਸ ਦੀ ਨਿਜੀ ਫੌਜ ਨੇ ਬਗਾਵਤ ਕਰ ਦਿੱਤੀ ਸੀ। ਵੀਡੀਓ ਵਿਚ, ਪ੍ਰਿਗੋਝਿਨ ਕਹਿੰਦਾ ਹੈ, ‘‘ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਹਾਡਾ ਸਾਰਿਆਂ ਦਾ ਸਵਾਗਤ ਕਰਨਾ ਮੇਰੇ ਲਈ ਖੁਸ਼ੀ ਦੀ ਗੱਲ ਹੈ। ਬੇਲਾਰੂਸ ਦੀ ਧਰਤੀ ’ਤੇ ਤੁਹਾਡਾ ਸਵਾਗਤ ਹੈ। ਅਸੀਂ ਸਨਮਾਨ ਨਾਲ ਲੜੇ।’’ ਪ੍ਰਿਗੋਝਿਨ ਦੀ ਬਗਾਵਤ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 23 ਸਾਲਾਂ ਦੇ ਸ਼ਾਸਨ ਲਈ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਸੀ। ਇਹ ਬਗਾਵਤ ਹਾਲਾਂਕਿ ਸੰਖੇਪ ਸੀ।
ਨਵੀਂ ਵੀਡੀਓ ਵਿਚ ਪ੍ਰਿਗੋਝਿਨ ਨੇ ਯੂਕ੍ਰੇਨ ਵਿਚ ਲੜਾਈ ਦੇ ਫੈਸਲੇ ਦੀ ਵੀ ਆਲੋਚਨਾ ਕੀਤੀ। ਵੀਡੀਓ ਦੀ ਤਸਦੀਕ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਉਸ ਨੇ ਕਿਹਾ, 'ਸਰਹੱਦ ’ਤੇ ਅੱਜ ਜੋ ਕੁਝ ਹੋ ਰਿਹਾ ਹੈ, ਉਹ ਸ਼ਰਮਨਾਕ ਹੈ, ਜਿਸ ਵਿਚ ਸਾਨੂੰ ਹਿੱਸਾ ਨਹੀਂ ਲੈਣਾ ਚਾਹੀਦਾ। ਉਸਨੇ ਕਿਹਾ ਕਿ ਵੈਗਨਰ ਫ਼ੌਜ ਭਵਿੱਖ ਵਿੱਚ ਯੂਕ੍ਰੇਨ ਪਰਤ ਸਕਦੀ ਹੈ। ਅਸੀਂ ਵਿਸ਼ੇਸ਼ ਫੌਜੀ ਕਾਰਵਾਈ ’ਚ ਉਦੋਂ ਹੀ ਵਾਪਸ ਆ ਸਕਦੇ ਹਾਂ, ਜਦੋਂ ਅਸੀਂ ਮਹਿਸੂਸ ਕਰਾਂਗੇ ਕਿ ਅਸੀਂ ਜੋ ਕਰਦੇ ਹਾਂ ਉਹ ਸਾਡੀ ਸ਼ਰਮ ਦਾ ਕਾਰਨ ਨਹੀਂ ਬਣੇਗਾ। ਸਾਨੂੰ ਅਜੇ ਇੰਤਜ਼ਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਅਸੀਂ ਕੁੱਝ ਸਮਾਂ ਬੇਲਾਰੂਸ ਵਿਚ ਬਿਤਾਵਾਂਗੇ। ਇਸ ਦੌਰਾਨ ਅਸੀਂ ਬੇਲਾਰੂਸ ਦੀ ਫ਼ੌਜ ਨੂੰ ਦੁਨੀਆ ਦੀ ਦੂਜੀ ਸਭ ਤੋਂ ਤਾਕਤਵਰ ਫ਼ੌਜ ਬਣਾਵਾਂਗੇ। ਅਸੀਂ ਸਿਖਲਾਈ ਦੇਵਾਂਗੇ, ਆਪਣਾ ਪੱਧਰ ਉੱਚਾ ਚੁੱਕਾਂਗੇ ਅਤੇ ਫਿਰ ਅਫਰੀਕਾ ਦੀ ਨਵੀਂ ਯਾਤਰਾ 'ਤੇ ਜਾਵਾਂਗੇ।'