ਵੈਨੇਜ਼ੁਏਲਾ ਨੂੰ 30 ਦਿਨਾਂ ਤੱਕ ਮਿਲੇਗੀ ਕੰਟਰੋਲਡ ਬਿਜਲੀ ਸਪਲਾਈ

Monday, Apr 01, 2019 - 07:19 PM (IST)

ਕਰਾਕਸ— ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਐਤਵਾਰ ਨੂੰ 30 ਦਿਨਾਂ ਤੱਕ ਕੰਟਰੋਲਡ ਬਿਜਲੀ ਸਪਲਾਈ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਕਿਹਾ ਸੀ ਕਿ ਦੇਸ਼ 'ਚ ਬਿਜਲੀ ਸਪਲਾਈ ਰੋਕਣ ਕਾਰਨ ਕੰਮ ਦੇ ਘੰਟਿਆਂ 'ਚ ਕਟੌਤੀ ਕੀਤੀ ਜਾ ਰਹੀ ਹੈ ਤੇ ਸਕੂਲਾਂ 'ਚ ਛੁੱਟੀਆਂ ਵਧਾਈਆਂ ਜਾ ਰਹੀਆਂ ਹਨ।

ਇਸ ਵਿਚਾਲੇ ਵੈਨੇਜ਼ੁਏਲਾ ਦੇ ਗੁੱਸਾਏ ਨਾਗਰਿਕਾਂ ਨੇ ਬਿਜਲੀ ਤੇ ਪਾਣੀ ਕਟੌਤੀ ਦੇ ਖਿਲਾਫ ਕਰਾਕਸ ਦੀਆਂ ਸੜਕਾਂ 'ਤੇ ਪ੍ਰਦਰਸ਼ਨ ਕੀਤਾ। ਲੋੜੀਂਦੀ ਬਿਜਲੀ ਨਾ ਰਹਿਣ ਕਾਰਨ ਤੇ ਇਥੇ ਬਿਜਲੀ ਸੰਕਟ ਬਣੇ ਰਹਿਣ ਦੇ ਕਾਰਨ ਇਹ ਸਖਤ ਉਪਾਅ ਕੀਤਾ ਗਿਆ ਹੈ। ਮਾਰਚ 'ਚ ਇਥੇ ਵਾਰ-ਵਾਰ ਬਿਜਲੀ ਸਪਲਾਈ 'ਚ ਅੜਿੱਕਾ ਪਿਆ ਹੈ। ਦੇਸ਼ ਦੀ ਪਹਿਲਾਂ ਤੋਂ ਹੀ ਖਰਾਬ ਅਰਥਵਿਵਸਥਾ ਤੇ ਰਹਿਣ-ਸਹਿਣ ਦੀਆਂ ਸਥਿਤੀਆਂ 'ਤੇ ਬਿਜਲੀ ਸੰਕਟ ਦਾ ਬੁਰਾ ਅਸਰ ਪਿਆ ਹੈ।

ਬਿਜਲੀ ਸਪਲਾਈ ਅਜਿਹੇ ਵੇਲੇ 'ਚ ਪ੍ਰਭਾਵਿਤ ਹੋਈ ਹੈ ਜਦੋਂ ਮਾਦੁਰੋ ਤੇ ਵਿਰੋਧੀ ਨੇਤਾ ਜੁਆਨ ਗੁਏਦੋ ਵਿਚਾਲੇ ਸਿਆਸੀ ਟਕਰਾਅ ਜਾਰੀ ਹੈ। ਗੁਏਦੋ ਨੂੰ ਅਮਰੀਕਾ ਤੇ 50 ਤੋਂ ਜ਼ਿਆਦਾ ਦੇਸ਼ਾਂ ਨੇ ਅੰਦਰੂਨੀ ਰਾਸ਼ਟਰਪਤੀ ਦੇ ਰੂਪ 'ਚ ਮਾਨਤਾ ਦਿੱਤੀ ਹੈ। ਸਰਕਾਰੀ ਟੈਲੀਵਿਜ਼ਨ ਦੇ ਨਾਲ ਗੱਲਬਾਤ 'ਚ ਮਾਦੁਰੋ ਨੇ ਕਿਹਾ ਕਿ ਉਨ੍ਹਾਂ ਨੇ ਬਿਜਲੀ ਲਈ '30 ਦਿਨ ਦੀ ਯੋਜਨਾ' ਨੂੰ ਮਨਜ਼ੂਰੀ ਦਿੱਤੀ ਸੀ।

ਉਨ੍ਹਾਂ ਨੇ ਬਿਓਰਾ ਨਹੀਂ ਦਿੱਤਾ ਕਿ ਉਹ ਕਿਵੇਂ ਕੰਮ ਕਰੇਗੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜਲ ਸੇਵਾ ਦੀ ਗਾਰੰਟੀ 'ਤੇ ਜ਼ੋਰ ਰਹੇਗਾ। ਖਰਾਬ ਬੁਨਿਆਦੀ ਢਾਂਚੇ, ਬਿਜਲੀ ਗ੍ਰਿਡ 'ਚ ਘੱਟ ਨਿਵੇਸ਼ ਤੇ ਦੇਖਭਾਲ ਦੀ ਘਾਟ ਕਾਰਨ ਦੇਸ਼ 'ਚ ਬਿਜਲੀ ਸੰਕਟ ਪੈਦਾ ਹੋਇਆ ਹੈ। ਐਤਵਾਰ ਨੂੰ ਅਧਿਕਾਰੀਆਂ ਨੇ ਬਿਜਲੀ ਕਮੀ ਦੇ ਇਕ ਹੋਰ ਨਤੀਜੇ ਦੇ ਰੂਪ 'ਚ ਹੋਰ ਉਪਾਵਾਂ ਦਾ ਵੀ ਐਲਾਨ ਕੀਤਾ। ਸੰਚਾਰ ਮੰਤਰੀ ਜਾਰਜ ਰਾਡ੍ਰਿਕਸ ਨੇ ਸਰਕਾਰੀ ਟੈਲੀਵਿਜ਼ਨ ਨੂੰ ਕਿਹਾ ਕਿ ਬਿਜਲੀ ਸਪਲਾਈ 'ਚ ਸਥਿਰਤਾ ਬਣਾਏ ਰੱਖਣ ਦੇ ਟੀਚੇ ਨਾਲ ਵੈਨੇਜ਼ੁਏਲਾ ਦੀ ਸਰਕਾਰ ਨੇ ਸਕੂਲੀ ਗਤੀਵਿਧੀਆਂ ਨੂੰ ਬੰਦ ਕਰਨ ਤੇ ਜਨਤਕ ਬਿਜਲੀ ਤੇ ਨਿੱਜੀ ਸੰਸਥਾਨਾਂ ਨੂੰ ਸਿਰਫ ਦੁਪਹਿਰੇ 2 ਵਜੇ ਤੱਕ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ।


Baljit Singh

Content Editor

Related News