ਚੀਨ 'ਚ ਸ਼ਾਨਦਾਰ ਕੰਮ ਲਈ ਸਨਮਾਨਿਤ ਉਈਗਰ ਅਧਿਆਪਕ ਕੱਟ ਰਿਹੈ 7 ਸਾਲ ਦੀ ਸਜ਼ਾ
Sunday, Mar 13, 2022 - 02:23 PM (IST)
 
            
            ਬੀਜਿੰਗ — ਚੀਨ 'ਚ ਉਈਗਰ ਮੁਸਲਮਾਨਾਂ 'ਤੇ ਅੱਤਿਆਚਾਰ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਉਈਗਰ ਅਧਿਆਪਕ, ਜੋ ਪਹਿਲਾਂ ਸਰਕਾਰ ਦੁਆਰਾ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ ਸੀ, ਹੁਣ ਸੱਤ ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਅਧਿਆਪਕ ਨੂੰ ਚੀਨ ਦੇ ਸ਼ਿਨਜਿਆਂਗ ਖੇਤਰ ਵਿੱਚ ਵਿਦਿਆਰਥੀਆਂ ਨੂੰ ਉਈਗਰ ਭਾਸ਼ਾ ਵਿੱਚ ਸਿੱਖਿਆ ਦੇ ਕੇ ਚੀਨੀ ਨੀਤੀ ਦੀ ਉਲੰਘਣਾ ਕਰਨ ਲਈ ਇਹ ਸਜ਼ਾ ਭੁਗਤਣੀ ਪੈ ਰਹੀ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ ਵਿੱਚ ਭੋਜਨ ਸੰਕਟ ਹੋਇਆ ਹੋਰ ਡੂੰਘਾ, ਇੱਕ ਬ੍ਰੈੱਡ ਲਈ ਖਰਚਣੇ ਪੈ ਰਹੇ ਇੰਨੇ ਰੁਪਏ
ਰੇਡੀਓ ਫ੍ਰੀ ਏਸ਼ੀਆ ਨੂੰ ਸਾਬਕਾ ਵਿਦਿਆਰਥੀ ਅਯੂਪ ਜੋ ਹੁਣ ਨਾਰਵੇ ਵਿੱਚ ਸਥਿਤ ਇੱਕ ਉਇਗਰ ਕਾਰਕੁਨ ਅਤੇ ਭਾਸ਼ਾ ਵਿਗਿਆਨੀ ਹੈ ਉਸ ਨੇ ਦੱਸਿਆ ਕਿ ਕਾਸ਼ਗਰ ਕੋਨਾ ਸ਼ੇਹਰ ਕਾਉਂਟੀ ਨੰਬਰ 1 ਹਾਈ ਸਕੂਲ ਵਿੱਚ ਆਦਿਲ ਤੁਰਸੁਨ ਇੱਕ ਕੈਮਿਸਟਰੀ ਅਧਿਆਪਕ ਅਤੇ ਫੈਕਲਟੀ ਡਾਇਰੈਕਟਰ ਸਨ। ਉਸਨੂੰ 2016 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ 2018 ਵਿੱਚ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਮੀਡੀਆ ਆਉਟਲੈਟਸ ਨੇ ਰਿਪੋਰਟ ਦਿੱਤੀ ਕਿ ਅਪ੍ਰੈਲ 2021 ਵਿੱਚ ਆਸਟ੍ਰੇਲੀਆਈ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੁਆਰਾ ਪ੍ਰਕਾਸ਼ਿਤ ਲਗਭਗ 10,000 "ਸ਼ੱਕੀ ਅੱਤਵਾਦੀਆਂ" ਦੀ ਚੀਨੀ ਸਰਕਾਰ ਦੀ ਲੀਕ ਹੋਈ ਸੂਚੀ ਵਿੱਚ ਆਦਿਲ ਦੀ ਕੈਦ ਦਾ ਖੁਲਾਸਾ ਹੋਇਆ ਸੀ।
ਦਸਤਾਵੇਜ਼ਾਂ ਅਨੁਸਾਰ ਆਦਿਲ, ਜਿਸ ਨੂੰ ਪਹਿਲਾਂ ਚੀਨੀ ਸਰਕਾਰ ਦੁਆਰਾ "ਦੇਸ਼ ਦੇ ਉੱਤਮ ਅਧਿਆਪਕਾਂ ਵਿੱਚੋਂ ਇੱਕ" ਵਜੋਂ ਮਾਨਤਾ ਦਿੱਤੀ ਗਈ ਸੀ, ਨੂੰ ਅਧਿਕਾਰੀਆਂ ਦੁਆਰਾ ਵਿਦਿਆਰਥੀਆਂ ਨੂੰ ਉਇਗਰ ਭਾਸ਼ਾ ਵਿੱਚ ਪੜ੍ਹਾਉਣ ਦੇ "ਅਪਰਾਧ" ਲਈ ਗ੍ਰਿਫਤਾਰ ਕੀਤਾ ਗਿਆ ਸੀ। ਅਸਲ ਵਿੱਚ ਇਹ ਵਿਦਿਆਰਥੀ ਚੀਨੀ ਭਾਸ਼ਾ ਵਿੱਚ ਦਿੱਤੀਆਂ ਹਦਾਇਤਾਂ ਨੂੰ ਸਮਝ ਨਹੀਂ ਪਾਉਂਦੇ ਸਨ ਅਤੇ ਆਦਿਲ ਉਨ੍ਹਾਂ ਨੂੰ ਉਇਗਰ ਭਾਸ਼ਾ ਵਿੱਚ ਪੜ੍ਹਾਉਂਦੇ ਸਨ। ਜਦੋਂ RFA ਨੇ ਆਦਿਲ ਦੀ ਸਜ਼ਾ ਬਾਰੇ ਪਤਾ ਲਗਾਉਣ ਲਈ ਕੋਨਾ ਸ਼ੀਅਰ ਕਾਉਂਟੀ ਪੁਲਿਸ ਨੂੰ ਫ਼ੋਨ ਕੀਤਾ ਤਾਂ ਉਹਨਾਂ ਨੇ ਸਵਾਲਾਂ ਦੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਅਧਿਆਪਕ ਨੂੰ ਜੇਲ੍ਹ ਹੋ ਗਈ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਏਲਨ ਮਸਕ 7ਵੀਂ ਵਾਰ ਬਣੇ ਪਿਤਾ, ਸੰਤਾਨ ਦਾ ਰੱਖਿਆ ਬਹੁਤ ਹੀ ਅਜੀਬ ਨਾਮ
ਮੀਡੀਆ ਆਉਟਲੈਟ ਨੇ ਕਾਸ਼ਗਰ ਸੂਬੇ ਦੇ ਇੱਕ ਪੁਲਿਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਉਸਦੀ ਗਲਤੀ ਦੀ ਜਾਂਚ ਕਰਨ ਤੋਂ ਬਾਅਦ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਨੇ ਕਿਹਾ " ਆਦਿਲ ਨੂੰ ਪੁਲਿਸ ਵਿਭਾਗ ਦੀ ਰਾਸ਼ਟਰੀ ਸੁਰੱਖਿਆ ਸ਼ਾਖਾ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਸਦੀ ਗ੍ਰਿਫਤਾਰੀ ਤੋਂ ਦੋ ਸਾਲ ਬਾਅਦ ਉਸਨੂੰ ਸਜ਼ਾ ਸੁਣਾਈ ਗਈ। ਜ਼ਿਕਰਯੋਗ ਹੈ ਕਿ ਸ਼ਿਨਜਿਆਂਗ ਵਿੱਚ ਕਈ ਸਾਲਾਂ ਤੋਂ ਨਸਲੀ ਘੱਟ ਗਿਣਤੀਆਂ 'ਤੇ ਇਕ ਵੱਡੀ ਕਾਰਵਾਈ ਵਿਚ ਚੀਨੀ ਅਧਿਕਾਰੀਆਂ ਦੁਆਰਾ ਕਈ ਉਇਗਰ ਬੁੱਧੀਜੀਵੀ, ਪ੍ਰਮੁੱਖ ਕਾਰੋਬਾਰੀ ਅਤੇ ਸੱਭਿਆਚਾਰਕ ਅਤੇ ਧਾਰਮਿਕ ਸ਼ਖਸੀਅਤਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            