''ਵਰਕ ਫਰੋਮ ਹੋਮ'' ਦੇ ਬਿਹਤਰ ਨਤੀਜੇ, ਕੰਪਨੀਆਂ ਕਰਨਾ ਚਾਹੁੰਦੀਆਂ ਹਨ ਸਥਾਈ ਰੂਪ ਨਾਲ ਲਾਗੂ
Wednesday, Apr 08, 2020 - 05:32 PM (IST)
ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਕੰਪਨੀਆਂ ਦੀ ਕਾਰਜ ਸ਼ੈਲੀ ਵਿਚ ਉਮੀਦ ਨਾਲੋਂ ਜ਼ਿਆਦਾ ਤਬਦੀਲੀ ਨਜ਼ਰ ਆ ਰਹੀ ਹੈ। ਮਾਈਕ੍ਰੋਸਾਫਟ, ਗੂਗਲ, ਐਮੇਜ਼ਾਨ ਜਿਹੀਆਂ ਜ਼ਿਆਦਾਤਰ ਕੰਪਨੀਆਂ 'ਵਰਕ ਫਰੋਮ ਹੋਮ' ਨੂੰ ਤਰਜੀਹ ਦੇ ਰਹੀਆਂ ਹਨ। ਗਾਰਟਨਰ ਦੇ ਤਾਜ਼ਾ ਸਰਵੇ ਦੇ ਮੁਤਾਬਕ 74 ਫੀਸਦੀ ਸੀ.ਐੱਫ.ਓ. ਮੰਨਦੇ ਹਨ ਕਿ ਬਿਨਾਂ ਦਫਤਰ ਆਏ ਕੰਮ ਕਰਨ ਦਾ ਉਪਾਅ ਉਮੀਦ ਨਾਲੋਂ ਕਿਤੇ ਜ਼ਿਆਦਾ ਬਿਹਤਰ ਨਤੀਜੇ ਦੇ ਰਿਹਾ ਹੈ। ਉਹ ਇਹ ਵਿਵਸਥਾ ਸਥਾਈ ਰੂਪ ਨਾਲ ਲਾਗੂ ਕਰਨਾ ਚਾਹੁੰਦੇ ਹਨ ਤਾਂ ਜੋ ਦਫਤਰੀ ਖਰਚ ਘੱਟ ਕੀਤਾ ਜਾ ਸਕੇ।
ਇੰਨੀ ਹੀ ਨਹੀਂ 81 ਫੀਸਦੀ ਸੀ.ਐੱਫ.ਓ. ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਭਵਿੱਖ ਵਿਚ ਵਰਕ ਫਰੋਮ ਹੋਮ ਦੇ ਰੂਪ ਵਿਚ ਹੀ ਕਰਮਚਾਰੀਆ ਦੀ ਭਰਤੀ ਕਰਨਗੇ ਅਤੇ ਇਸ ਦੇ ਲਈ ਵੱਖ ਤੋਂ ਲਚੀਲਾ ਰਵੱਈਆ ਅਪਨਾਉਣਗੇ। 20 ਫੀਸਦੀ ਸੀ.ਐੱਫ.ਓ. ਦਾ ਮੰਨਣਾ ਹੈ ਕਿ ਵਰਕ ਫਰੋਮ ਹੋਮ ਨਾਲ ਉਹਨਾਂ ਦੇ ਬਿਲਡਿੰਗ ਕਾਸਟ ਅਤੇ ਟ੍ਰੈਵਲ ਖਰਚੇ ਵਿਚ ਕਾਫੀ ਬਚਤ ਹੋਵੇਗੀ। ਭਾਵੇਂਕਿ 71 ਫੀਸਦੀ ਸੀ.ਐੱਫ.ਓ. ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਕਾਰੋਬਾਰ ਦੀ ਗਤੀਸ਼ੀਲਤਾ ਅਤੇ ਉਤਪਾਦਕਤਾ ਦੋਵੇਂ ਪ੍ਰਭਾਵਿਤ ਹੋਣਗੇ। 317 ਸੀ.ਐੱਫ.ਓ. ਦੇ ਸਰਵੇ ਵਿਚ ਜ਼ਿਆਦਾਤਰ ਨੇ ਮੰਨਿਆ ਕਿ ਕੋਰੋਨਾਵਾਇਰਸ ਕਾਲ ਦੀ ਇਹ ਸਥਿਤੀ ਵਰਚੁਅਲ ਦਫਤਰ ਦੀ ਦਿਸ਼ਾ ਵਿਚ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ। ਉੱਥੇ ਕਈ ਕੰਪਨੀਆਂ ਲਾਕਡਾਊਨ ਖਤਮ ਹੋਣ ਦੇ ਬਾਅਦ ਵੀ ਸਥਾਈ ਰੂਪ ਨਾਲ ਵਰਕ ਫਰੋਮ ਹੋਮ ਦੀਆਂ ਸੰਭਾਵਨਾਵਾਂ ਲੱਭ ਰਹੀਆਂ ਹਨ।
ਪੜ੍ਹੋ ਇਹ ਅਹਿਮ ਖਬਰ- ਈਰਾਨ 'ਚ ਕੋਰੋਨਾ ਦੀ ਦਵਾਈ ਸਮਝ ਲੋਕਾਂ ਨੇ ਪੀਤਾ 'ਜ਼ਹਿਰ', 600 ਦੀ ਮੌਤ ਤੇ 3000 ਬੀਮਾਰ
ਐਪਲ, ਮਾਈਕ੍ਰੋਸੋਫਟ, ਗੂਗਲ, ਐਮੇਜ਼ਾਨ ਜਿਹੀਆਂ ਵੱਡੀਆਂ ਕੰਪਨੀਆਂ ਅਮਰੀਕਾ ਵਿਚ ਆਪਣੇ ਕਰਮਚਾਰੀਆਂ ਤੋਂ ਵਰਕ ਫਰੋਮ ਹੋਮ ਕਰਵਾ ਰਹੀਆਂ ਹਨ। ਟਵਿੱਟਰ ਅਤੇ ਗੂਗਲ ਨੇ ਤਾਂ ਦੁਨੀਆ ਭਰ ਦੇ ਆਪਣੇ ਸੈਂਟਰਾਂ ਵਿਚ ਅਗਲੇ ਆਦੇਸ਼ ਤੱਕ ਇਸੇ ਵਿਵਸਥਾ ਵਿਚ ਕੰਮ ਕਰਦੇ ਰਹਿਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਮਾਈਕ੍ਰੋਸਾਫਟ ਨੇ ਸੋਮਵਾਰ ਨੂੰ ਸੀਏਟਲ ਅਤੇ ਸਾਨ ਫ੍ਰਾਂਸਿਸਕੋ ਦੇ ਬਾਅਦ ਪੂਰੇ ਅਮਰੀਕਾ ਵਿਚ ਘਰ ਤੋਂ ਹੀ ਕੰਮ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਗਾਰਟਨਰ ਦੇ ਇਸ ਸਰਵੇ ਵਿਚ 200 ਤੋਂ ਵਧੇਰੇ ਅਜਿਹੇ ਸੀ.ਐੱਫ.ਓ. ਨਾਲ ਗੱਲ ਹੋਈ ਹੈ ਜੋ 500 ਮਿਲੀਅਨ ਡਾਲਰ ਤੋਂ ਲੈ ਕੇ 50 ਬਿਲੀਅਨ ਡਾਲਰ ਦੇ ਸਾਲਾਨਾ ਰੈਵੀਨਿਊ ਵਾਲੀਆਂ ਹਨ ਅਤੇ ਉਹਨਾਂ ਵਿਚ 1 ਲੱਖ ਤੱਕ ਕਰਮਚਾਰੀ ਹਨ।