ਅਮਰੀਕਾ ਦੇ ਇਸ ਸ਼ਹਿਰ 'ਚ ਵਾਇਰਸ ਹਮਲੇ ਨਾਲ ਇੰਟਰਨੈੱਟ ਸੇਵਾ ਠੱਪ

05/26/2019 3:11:10 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਸ਼ਹਿਰ ਬਾਲਟੀਮੋਰ ਵਿਚ ਹੈਕਰਾਂ ਨੇ ਇੰਟਰਨੈੱਟ ਸੇਵਾਵਾਂ 'ਤੇ ਹਮਲਾ ਕੀਤਾ ਹੈ। Ransoware ਨਾਮ ਦੇ ਵਾਇਰਸ ਨੇ ਸ਼ਹਿਰ ਵਿਚ G-mail ਅਤੇ ਸਾਰੇ ਆਨਲਾਈਨ ਭੁਗਤਾਨ ਗੇਟਵੇਅ ਸਿਸਟਮ ਨੂੰ ਠੱਪ ਕਰ ਦਿੱਤਾ। ਹੈਕਰਾਂ ਨੇ ਸ਼ਹਿਰ ਨੂੰ ਇਸ ਵਾਇਰਸ ਤੋਂ ਮੁਕਤ ਕਰਨ ਲਈ 76,280 ਡਾਲਰ ਦੀ ਮੰਗ ਕੀਤੀ ਹੈ। ਇਕ ਰਿਪੋਰਟ ਮੁਤਾਬਕ ਸ਼ਹਿਰ ਦੀ ਵਿਵਸਥਾ ਨੂੰ ਭੰਗ ਕਰਨ ਲਈ ਹੈਕਰਾਂ ਨੇ ਇਕ ਟੂਲ 'EternalBlue' ਦੀ ਵਰਤੋਂ ਕੀਤੀ ਹੈ।

ਈਟਰਨਲਬਲੂ ਦਾ ਨਿਰਮਾਣ ਸੁਰੱਖਿਆ ਏਜੰਸੀ ਐੱਨ.ਐੱਸ.ਏ. ਵੱਲੋਂ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਈਟਰਨਬਲੂ ਦੀ ਵਰਤੋਂ 2017 ਦੇ 'Wannacry' ਜਿਹੇ ਵੱਡੇ ਸਾਈਬਰ ਹਮਲੇ ਨੂੰ ਰੋਕਣ ਲਈ ਕੀਤੀ ਜਾ ਚੁੱਕੀ ਹੈ। ਸੁਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਹੈਕਰਾਂ ਨੇ ਈਟਰਨਬਲੂ ਦੀ ਵਰਤੋਂ ਵਿੰਡੋਜ਼ XP ਅਤੇ ਵਿਸਟਾ ਸਿਸਟਮ ਦੇ ਕੁਝ ਐਡੀਸ਼ਨਾਂ ਵਿਚ ਸੰਨ੍ਹ ਲਗਾਉਣ ਲਈ ਕੀਤੀ ਹੈ, ਜਿਸ ਨਾਲ ਬਾਹਰੀ ਪਾਰਟੀ ਨੂੰ ਆਪਣੇ ਟੀਚੇ 'ਤੇ ਦੂਰੋਂ ਬੈਠੇ ਹੀ ਕਮਾਂਡ ਦੇਣ ਦੀ ਸਹੂਲਤ ਮਿਲਦੀ ਹੈ। 

ਇਕ ਅੰਗਰੇਜ਼ੀ ਅਖਬਾਰ ਮੁਤਾਬਕ ਕੰਪਿਊਟਰ 'ਤੇ ਮਿਲੇ ਇਕ ਫਿਰੌਤੀ ਨੋਟ ਵਿਚ ਸ਼ਹਿਰ ਨੂੰ ਇਸ ਵਾਇਰਸ ਤੋਂ ਮੁਕਤ ਕਰਨ ਲਈ ਹੈਕਰਾਂ ਨੇ 76 ਹਜ਼ਾਰ ਡਾਲਰ ਦੀ ਮੰਗ ਕੀਤੀ ਹੈ। 2017 ਵਿਚ ਸ਼ੈਡੋਬ੍ਰੋਕਰ ਨਾਮ ਦੇ ਇਕ ਸਮੂਹ ਨੇ ਹੈਕ ਕਰ ਕੇ ਟੂਲ ਨੂੰ ਲੀਕ ਕਰ ਲਿਆ ਸੀ। ਇਸ ਦੇ ਇਕ ਦਿਨ ਬਾਅਦ ਹੀ ਮਾਈਕ੍ਰੋਸਾਫਟ ਵੱਲੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੋਂ ਬਚਣ ਲਈ ਪੈਚ ਜਾਰੀ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ 7 ਮਈ ਤੋਂ ਹੀ ਬਾਲਟੀਮੋਰ ਵਸਨੀਕ ਇਸ ਸਾਈਬਰ ਹਮਲੇ ਨਾਲ ਜੂਝ ਰਹੇ ਹਨ। ਇੰਟਰਨੈੱਟ ਸੇਵਾਵਾਂ ਠੱਪ ਹੋਣ ਨਾਲ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਫਿਲਹਾਲ ਆਈ.ਟੀ. ਵਿਭਾਗ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।


Vandana

Content Editor

Related News