ਅਮਰੀਕਾ : ਡੁੱਬ ਰਹੇ ਬੱਚਿਆਂ ਨੂੰ ਬਚਾਉਣ ਗਏ ਪੰਜਾਬੀ ਨੌਜਵਾਨ ਦੀ ਮੌਤ, ਬੱਚੇ ਸੁਰੱਖਿਅਤ
Friday, Aug 07, 2020 - 02:15 PM (IST)

ਫਰਿਜ਼ਨੋ, (ਨੀਟਾ ਮਾਛੀਕੇ/ ਰਾਜ ਗੋਗਨਾ)- ਫਰਿਜ਼ਨੋ ਦੇ ਨੇੜਲੇ ਸ਼ਹਿਰ ਰੀਡਲੀ ਤੋ ਬੜੀ ਮਾੜੀ ਖ਼ਬਰ ਆਈ ਹੈ, ਇੱਥੋਂ ਦਾ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆਂ ਨੂੰ ਬਚਾਉਂਦਾ ਹੋਇਆ ਆਪ ਡੁੱਬ ਗਿਆ ਅਤੇ ਜਾਨ ਤੋਂ ਹੱਥ ਧੋ ਬੈਠਾ।
ਜਾਣਕਾਰੀ ਮੁਤਾਬਕ ਤਿੰਨ ਬੱਚੇ ਰਿਵਰ ਵਿਚੋਂ ਮਦਦ ਲਈ ਆਵਾਜ਼ਾਂ ਲਗਾ ਰਹੇ ਸਨ ਅਤੇ ਮਨਜੀਤ ਸਿੰਘ ਨੇ ਇਨ੍ਹਾਂ ਦੀ ਹਾਲ ਦੁਹਾਈ ਸੁਣ ਕੇ ਕਿੰਗਜ਼ ਰਿਵਰ ਵਿਚ ਛਾਲ ਮਾਰ ਦਿੱਤੀ । ਦੋ ਬੱਚਿਆਂ ਨੂੰ ਇਸ ਨੇ ਸੁਰੱਖਿਅਤ ਬਾਹਰ ਕੱਢ ਲਿਆ ‘ਤੇ ਤੀਸਰੇ ਨੂੰ ਲੱਭਦਾ ਖੁਦ ਡੁੱਬ ਗਿਆ । ਤੀਜਾ ਬੱਚਾ 15 ਮਿੰਟ ਬਾਅਦ ਲੱਭਾਜਿਹੜਾ ਵੈਲੀ ਚਿਲਡਰਨਜ਼ ਹਸਪਤਾਲ ਵਿਖੇ ਮੌਤ ਨਾਲ ਲੜਾਈ ਲੜ ਰਿਹਾ ਹੈ। ਮਨਜੀਤ ਸਿੰਘ ਦੋ ਸਾਲ ਪਹਿਲਾਂ ਭਾਰਤ ਤੋਂ ਅਮਰੀਕਾ ਆਇਆ ਸੀ ਅਤੇ ਹਾਲ ਹੀ ਵਿਚ ਫਰਿਜ਼ਨੋ ਦੇ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਦਾ ਲਾਈਸੰਸ ਲੈਣ ਲਈ ਕਲਾਸਾਂ ਲਾ ਰਿਹਾ ਸੀ। ਮਨਜੀਤ ਸਿੰਘ ਦੀ ਮੌਤ ਕਾਰਨ ਜਿੱਥੇ ਪੰਜਾਬੀ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ, ਓਥੇ ਮਨਜੀਤ ਦੀ ਦਰਿਆਦਿਲੀ ਦੀ ਗੋਰੇ ਵੀ ਸਿਫ਼ਤ ਕਰ ਰਹੇ ਹਨ ‘ਤੇ ਮਨਜੀਤ ਸਿੰਘ ਨੇ ਆਪਣੀ ਜਾਨ ਦੇ ਕੇ ਪੰਜਾਬੀਆਂ ਦਾ ਨਾਮ ਅਮਰੀਕਨ ਭਾਈਚਾਰੇ ਵਿਚ ਉੱਚਾ ਕੀਤਾ ਹੈ।