ਅਮਰੀਕਾ : ਪਤਨੀ ਨੂੰ ਗੱਡੀ ਚਲਾਉਣੀ ਸਿਖਾ ਰਿਹਾ ਸੀ ਪੰਜਾਬੀ, ਪਲਾਂ 'ਚ ਉੱਜੜ ਗਿਆ ਪਰਿਵਾਰ
Thursday, Aug 27, 2020 - 09:33 AM (IST)
ਫਰਿਜ਼ਨੋ, (ਨੀਟਾ ਮਾਛੀਕੇ) - ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਸ ਵਿਚ ਉਸ ਸਮੇਂ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੰਘੇ ਹਫ਼ਤੇ ਪੰਜਾਬੀ ਜੋੜਾ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿਚ ਪਤਨੀ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਹ ਜ਼ਿੰਦਗੀ ਤੇ ਮੌਤ ਵਿਚਾਲੇ ਲੜਾਈ ਲੜ ਰਿਹਾ ਹੈ।
ਜਾਣਕਾਰੀ ਮੁਤਾਬਕ ਦਿਲਾਵਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਰਹਿ ਰਹੇ ਸਨ ਅਤੇ 7-8 ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ ਅਮਰੀਕਾ ਉਨ੍ਹਾਂ ਕੋਲ ਪੱਕੇ ਤੌਰ 'ਤੇ ਆਣ ਵੱਸਿਆ ਸੀ। ਉਹ ਆਪਣੀ ਪਤਨੀ ਸੁਖਜਿੰਦਰ ਕੌਰ ਨੂੰ ਕਾਰ ਸਿਖਾ ਰਹੇ ਸਨ ਕਿ ਸੈਂਟਰਲ ਐਵੇਨਿਊ ਅਤੇ ਟੈਂਪਰਿੰਸ ਸਟ੍ਰੀਟ ਤੇ ਸਟਾਪ ਸਾਈਨ ਮਿੱਸ ਕਰਨ ਕਰਕੇ ਉਨ੍ਹਾਂ ਦੀ ਕਾਰ ਡਲਿਵਰੀ ਟਰੱਕ ਨਾਲ ਜਾ ਟਕਰਾਈ। ਇਸ ਕਰਕੇ ਸੁਖਜਿੰਦਰ ਕੌਰ ਦੀ ਥਾਂ 'ਤੇ ਹੀ ਮੌਤ ਹੋ ਗਈ ਅਤੇ ਦਿਲਾਵਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਨ੍ਹਾਂ ਦੀਆਂ ਦੋ ਧੀਆਂ ਜਿਨ੍ਹਾਂ ਦੀ ਉਮਰ 17 ਅਤੇ 26 ਸਾਲ ਹੈ, ਇਸ ਸਮੇਂ ਗਹਿਰੇ ਸਦਮੇ ਵਿਚ ਹਨ।
ਇਸ ਜੋੜੇ ਦਾ ਪਿਛਲਾ ਪਿੰਡ ਰੈਪਹੋਂ ਜ਼ਿਲ੍ਹਾ ਨਵਾਂਸ਼ਹਿਰ ਵਿਚ ਹੈ। ਸੁਖਜਿੰਦਰ ਕੌਰ ਦਾ ਅੰਤਿਮ ਸੰਸਕਾਰ ਸ਼ਾਂਤ ਭਵਨ ਫਿਊਨਰਲ ਹੋਮ ਫਾਊਲਰ ਵਿਖੇ 18 ਸਤੰਬਰ ਦੁਪਿਹਰ 11 ਤੋਂ 1 ਵਜੇ ਦਰਮਿਆਨ ਹੋਵੇਗਾ। ਉਪਰੰਤ ਭੋਗ ਗੁਰਦਵਾਰਾ ਸਿੱਖ ਸੈਂਟਰ ਆਫ ਪੈਸੇਫਿੱਕ ਕੋਸਟ ਸਿਲਮਾ ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ ਜਗਦੀਸ਼ ਸਿੰਘ 408-315-2985 ਦਿੱਤਾ ਗਿਆ ਹੈ।