ਅਮਰੀਕਾ 'ਚ ਪਸ਼ਤੂਨਾਂ ਨੇ ਪਾਕਿ ਖਿਲਾਫ਼ ਦਿੱਤਾ ਧਰਨਾ, 350 ਮੀਲ ਲੰਬਾ ਮਾਰਚ ਕੱਢਣ ਦਾ ਐਲਾਨ
Monday, Jan 11, 2021 - 12:05 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਸ਼ਨੀਵਾਰ ਨੂੰ ਪਸ਼ਤੂਨ ਤਹਫੁੱਜ਼ ਅੰਦੋਲਨ (ਪੀ.ਟੀ.ਐੱਮ.) ਦੇ ਮੈਂਬਰਾਂ ਨੇ ਪਾਕਿਸਤਾਨ ਵਿਚ ਪਸ਼ਤੂਨ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਖਿਲਾਫ਼ ਵਾਸਸ਼ਿੰਗਟਨ ਡੀ.ਸੀ. ਵਿਚ ਪਾਕਿਸਤਾਨ ਅੰਬੈਸੀ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਪੀ.ਟੀ.ਐੱਮ. ਮੈਂਬਰਾਂ ਨੇ ਘੋਸ਼ਣਾ ਕੀਤੀ ਕਿ ਉਹ ਜਲਦੀ ਹੀ ਪਾਕਿਸਤਾਨ ਦੇ ਖਿਲਾਫ਼ ਨਿਊਯਾਰਕ ਤੋਂ ਵਾਸ਼ਿੰਗਟਨ ਡੀ.ਸੀ. ਤੱਕ 350 ਮੀਲ ਲੰਬੇ ਮਾਰਚ ਦਾ ਆਯੋਜਨ ਕਰਨਗੇ।
ਗੌਰਤਲਬ ਹੈ ਕਿ ਪੀ.ਟੀ.ਐੱਮ. ਪਸ਼ਤੂਨ ਨਾਗਰਿਕਾਂ ਦਾ ਸਮੂਹ ਹੈ ਜਿਸ ਵਿਚ ਮੁੱਖ ਰੂਪ ਨਾਲ ਪਾਕਿਸਤਾਨ ਦੇ ਕਬਾਇਲੀ ਖੇਤਰਾਂ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ ਅਤੇ ਕਰਾਚੀ ਦੇ ਕੁਝ ਹਿੱਸਿਆਂ ਵਿਚ ਰਹਿਣ ਵਾਲੇ ਨਸਲੀ ਪਸ਼ਤੂਨ ਸ਼ਾਮਲ ਹਨ। ਪਸ਼ੂਤਨਾਂ ਦਾ ਦੋਸ਼ ਹੈ ਕਿ ਪਾਕਿਸਤਾਨ ਨੇ ਹਮੇਸ਼ਾ ਉਹਨਾਂ ਨਾਲ ਸਖ਼ਤ ਅਤੇ ਵਿਤਕਰੇ ਵਾਲਾ ਵਿਵਹਾਰ ਕੀਤਾ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਇਮਰਾਨ ਖਾਨ ਸਰਕਾਰ ਦੇ ਰਾਜ ਵਿਚ ਉਹਨਾਂ ਦੇ ਭਾਈਚਾਰੇ 'ਤੇ ਜ਼ੁਲਮ ਵਧੇ ਹਨ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਹਿੰਦੂ ਸੰਗਠਨਾਂ ਨੇ ਪਾਕਿ 'ਚ ਘੱਟ ਗਿਣਤੀਆਂ ਦੇ ਸ਼ੋਸ਼ਣ 'ਤੇ ਬੋਰਿਸ ਨੂੰ ਕੀਤੀ ਇਹ ਅਪੀਲ
ਪੀ.ਟੀ.ਐੱਮ. ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹਨਾਂ ਦੇ ਭਾਈਚਾਰੇ ਦੇ ਲੋਕਾਂ ਨੂੰ ਜ਼ਬਰੀ ਗਾਇਬ ਕੀਤਾ ਜਾ ਰਿਹਾ ਹੈ। ਇਕ ਹੋਰ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਪੀ.ਟੀ.ਐੱਮ. ਲਾਪਤਾ ਲੋਕਾਂ, ਪਸ਼ਤੂਨਾਂ ਦੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਿਹਾ ਹੈ। ਉਹਨਾਂ ਨੇ ਪ੍ਰੌਕਸੀ ਅੱਤਵਾਦ ਨੂੰ ਵਧਾਵਾ ਦੇਣ ਲਈ ਪਾਕਿਸਤਾਨ ਦੇ ਖਿਲਾਫ਼ ਪਾਬੰਦੀ ਲਗਾਉਣ ਦੀ ਵੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਪਾਕਿਸਤਾਨ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਸਬਕ ਮਿਲ ਸਕੇ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।