ਨਾਪਾ ਨੂੰ ਮੁੱਖ ਮੰਤਰੀ ਵੱਲੋਂ ਭਰੋਸਾ, ਸਾਰੇ ਪੱਖਾਂ ਨੂੰ ਧਿਆਨ 'ਚ ਰੱਖਦਿਆਂ ਹਟਾਈ ਜਾਵੇਗੀ ਤਾਲਾਬੰਦੀ

05/02/2020 4:10:15 PM

ਨਿਊਯਾਰਕ (ਰਾਜ ਗੋਗਨਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਨਾਮ ਸਿੰਘ ਚਾਹਲ ਕਾਰਜਕਾਰੀ ਡਾਇਰੈਕਟਰ ਨੌਰਥ ਅਮੈਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਨੂੰ ਭੇਜੇ ਗਏ ਇਕ ਪੱਤਰ ਰਾਹੀਂ ਭਰੋਸਾ ਦਿੱਤਾ ਹੈ ਕਿ ਪੰਜਾਬ ਵਿਚੋਂ ਤਾਲਾਬੰਦੀ/ਕਰਫਿਊ ਨੂੰ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਕੋਵਿਡ-19 ਮਹਾਮਾਰੀ ਦੇ ਪ੍ਰਬੰਧਾਂ ਨੂੰ ਮੁਖ ਰੱਖਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਨਾਪਾ ਨੂੰ ਭੇਜੇ ਗਏ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਪੱਤਰ ਉਸ ਪੱਤਰ ਦੇ ਜਵਾਬ ਵਿੱਚ ਸੀ ਜੋ ਨੌਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਕੁਝ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਵਿੱਚੋਂ ਤਾਲਾਬੰਦੀ /ਕਰਫਿਊ ਨੂੰ ਹਟਾਉਣ ਲਈ ਕੁਝ ਲੋੜੀਂਦੇ ਕਦਮ ਚੁੱਕਣ ਲਈ ਕੁਝ ਉਪਾਅ ਸੁਝਾਏ ਸਨ। 

ਇਸ ਪੱਤਰ ਦੀ ਕਾਪੀ ਪ੍ਰੈਸ ਨੂੰ ਜਾਰੀ ਕਰਦਿਆਂ ਸ: ਚਾਹਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀ ਇਕ ਚਿੱਠੀ ਵਿਚ  ਜਾਪਾਨ, ਸਿੰਘਾਪੁਰ ਤੇ ਚੀਨ ਵਰਗੇ ਦੇਸ਼ਾਂ ਵਿਚ ਤਾਲਾਬੰਦੀ ਸੰਬੰਧੀ ਠੋਸ ਜਾਣਕਾਰੀ ਨੂੰ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਸੀ ਜਿਸ ਵਿਚ ਸ: ਚਾਹਲ ਨੇ ਦੱਸਿਆ ਕਿ ਇਸ ਸਾਲ ਫਰਵਰੀ ਦੇ ਅਖੀਰ ਵਿਚ ਜਾਪਾਨ ਦਾ ਹੋਕਾਇਡੋ ਸ਼ਹਿਰ ਕੋਵਿਡ-19 ਦੇ ਕਾਰਨ ਐਮਰਜੈਂਸੀ ਦਾ ਐਲਾਨ ਕਰਨ ਵਾਲਾ ਪਹਿਲਾ ਸਥਾਨ ਬਣ ਗਿਆ ਸੀ ਜਿਸ ਤਹਿਤ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਸਨ। ਵੱਡੇ ਪੱਧਰ 'ਤੇ ਇਕੱਤਰ ਹੋਣ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਲੋਕਾਂ ਨੂੰ ਘਰ ਵਿਚ ਰਹਿਣ ਲਈ ਉਤਸ਼ਾਹਿਤ ਕੀਤਾ ਗਿਆ ਸੀ।ਇਸ ਸ਼ਹਿਰ ਵਿਚ ਸਥਾਨਕ ਸਰਕਾਰ ਨੇ ਦ੍ਰਿੜ੍ਹਤਾ ਨਾਲ ਵਾਇਰਸ ਦਾ ਪਿੱਛਾ ਕੀਤਾ, ਹਮਲਾਵਰ ਤਰੀਕੇ ਨਾਲ ਇਸ ਵਾਇਰਸ ਦੀ ਨਿਸ਼ਾਨਦੇਹੀ ਕੀਤੀ ਅਤੇ ਹਰ ਉਸ ਵਿਅਕਤੀ ਨੂੰ ਵੱਖ ਕੀਤਾ ਜਿਸ ਵੀ ਵਿਅਕਤੀ ਦਾ ਪੀੜਤਾਂ ਨਾਲ ਸੰਪਰਕ ਹੁੰਦਾ ਸੀ।

ਸ: ਚਾਹਲ ਨੇ ਦੱਸਿਆ ਕਿ ਇਸ ਸ਼ਹਿਰ ਦੀ ਸਥਾਨਕ ਸਰਕਾਰ ਕੋਵਿਡ-19 ਬਾਰੇ ਅਪਣਾਈ ਗਈ ਇਸ ਨੀਤੀ ਨੇ ਕੰਮ ਕੀਤਾ ਅਤੇ ਮਾਰਚ ਦੇ ਅੱਧ ਤਕ ਨਵੇਂ ਕੇਸਾਂ ਦੀ ਗਿਣਤੀ ਦਿਨ ਵਿਚ ਇਕ ਜਾਂ ਦੋ ਤਕ ਹੋ ਗਈ ਪਰ 19 ਮਾਰਚ ਨੂੰ ਜਾਪਾਨ ਵਿਚ ਐਮਰਜੈਂਸੀ ਦੀ ਸਥਿਤੀ ਹਟਾਈ ਗਈ ਅਤੇ ਅਪ੍ਰੈਲ ਦੇ ਸ਼ੁਰੂ ਵਿਚ ਸਕੂਲ ਦੁਬਾਰਾ ਖੋਲ੍ਹ ਦਿੱਤੇ ਗਏ ਜਿਸ ਨਾਲ ਐਮਰਜੈਂਸੀ ਦੀ ਸਥਿਤੀ ਹਟਣ ਦੇ ਸਿਰਫ 26 ਦਿਨਾਂ ਬਾਅਦ ਹੀ ਜਾਪਾਨ ਸਰਕਾਰ ਨੂੰ ਇੱਕ ਨਵੀਂ ਤਾਲਾਬੰਦੀ ਦਾ ਐਲਾਨ ਕਰਨਾ ਪਿਆ। ਅਪ੍ਰੈਲ 6,2020 ਨੂੰ ਹੋਕਾਇਡੋ ਸ਼ਹਿਰ ਨੇ ਕੋਵਿਡ-19 ਦੇ 135 ਨਵੇਂ ਪੁਸ਼ਟੀ ਕੀਤੇ ਗਏ ਕੋਵਿਡ-19 ਪੀੜਤਾਂ ਦੇ ਕੇਸ ਦਰਜ ਕੀਤੇ। ਫਰਵਰੀ ਦੇ ਪਹਿਲੇ ਮਹੀਨੇ ਜਾਪਾਨ ਸਰਕਾਰ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਇਹ ਵਾਇਰਸ ਦੁਬਾਰਾ ਆਯਾਤ ਕੀਤਾ ਗਿਆ ਹੈ ਕਿ ਨਹੀਂ? ਤੇ ਉਹਨਾਂ ਨੂੰ ਵਾਇਰਸ ਬਾਰੇ ਕੀ ਦੱਸਦਾ ਹੈ? 

ਜੇ ਉਸ ਵਕਤ ਜਾਪਾਨ ਸਰਕਾਰ ਵਲੋਂ ਜਲਦੀ ਹੀ ਕੋਈ ਤਾਲਾਬੰਦੀ ਕਰ ਦਿੱਤੀ ਜਾਂਦੀ ਤਾਂ ਕੋਵਿਡ-19 ਦੇ ਖਤਰੇ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕਣ ਦੀਆਂ ਸੰਭਾਵਨਾਵਾਂ ਵਧੇਰੇ ਹੋ ਸਕਦੀਆਂ ਸਨ। ਚਾਹਲ ਨੇ ਆਪਣੇ ਪੱਤਰ ਵਿਚ ਮੁੱਖ ਮੰਤਰੀ ਨੂੰ ਅੱਗੇ ਲਿਖਿਆ ਕਿ ਸਾਡੇ ਰਾਜ ਵਿੱਚ ਕਰਫਿਊ ਜਾਂ ਤਾਲਾਬੰਦੀ ਹਟਾਉਣ ਤੋਂ ਪਹਿਲਾਂ ਸਾਨੂੰ ਚੀਨ ਅਤੇ ਸਿੰਗਾਪੁਰ ਵੱਲ ਵੀ ਵੇਖਣਾ ਚਾਹੀਦਾ ਹੈ।ਜਿਸ ਤਹਿਤ ਇਹਨਾਂ ਦੋਹਾਂ ਹੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਲੱਗਿਆ ਕਿ ਕੁਝ ਸਮੇਂ ਲਈ ਵਾਇਰਸ ਕੰਟਰੋਲ ਵਿੱਚ ਕਰ ਲਿਆ ਗਿਆ ਹੈ ਪਰ ਹੁਣ ਉਹ ਸਥਾਨਕ ਅਧਿਕਾਰੀ ਕੋਵਿਡ-19 ਦੀਆਂ ਵਿਸ਼ਾਲ ਲਹਿਰਾਂ ਦਾ ਸਾਹਮਣਾ ਕਰ ਰਹੇ ਹਨ।

ਇਹਨਾਂ ਦੇਸ਼ਾਂ ਦੇ ਡਾਕਟਰ ਭਵਿੱਖਬਾਣੀ ਕਰਦੇ ਹਨ ਕਿ ਇੱਥੇ ਕੋਵਿਡ-19 ਦਾ ਦੂਜੇ, ਤੀਜੇ ਅਤੇ ਚੌਥੇ ਪੱਧਰ 'ਤੇ ਉਸ ਵੇਲੇ ਤੱਕ ਪ੍ਰਭਾਵ ਰਹੇਗਾ ਜਦੋਂ ਤੱਕ ਇਸ ਵਾਇਰਸ ਨੂੰ ਖਤਮ ਲਈ ਕੋਈ ਟੀਕਾ ਨਹੀਂ ਮਿਲ ਜਾਂਦਾ, ਜਿਸ ਲਈ ਘੱਟੋ ਘੱਟ ਇੱਕ ਸਾਲ ਜਾਂ ਵਧੇਰੇ ਕਲੀਨਿਕਲ ਤਜਰਬਿਆਂ ਦੀ ਜ਼ਰੂਰਤ ਹੋ ਸਕਦੀ ਹੈ। ਚਾਹਲ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਰਾਜ ਦੀ ਆਰਥਿਕਤਾ ਉੱਤੇ ਜਿੱਥੇ ਮਾੜਾ ਪ੍ਰਭਾਵ ਪੈ ਰਿਹਾ ਹੈ ਉੱਥੇ ਸਾਡੇ ਰਾਜ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਪਰ ਸਾਡੇ ਰਾਜ ਦੇ ਲੋਕਾਂ ਨੂੰ ਬਚਾਉਣਾ ਹੀ ਸਾਡੀ ਪਹਿਲ ਹੋਣੀ ਚਾਹੀਦੀ ਹੈ। ਆਰਥਿਕਤਾ ਵਿਚ ਸੁਧਾਰ ਬਾਅਦ ਵਿਚ ਵੀ ਹੋ ਸਕਦਾ ਹੈ ਅਤੇ ਲੋਕਾਂ ਦੇ ਦੁੱਖ ਵੀ ਭੁੱਲਾਏ ਜਾ ਸਕਦੇ ਹਨ ਪਰ ਜੇ ਕੋਈ ਵੀ ਕੋਵਿਡ-19 ਦੀ ਬਿਮਾਰੀ ਕਾਰਨ ਮਰ ਜਾਂਦਾ ਹੈ ਤਾਂ ਉਹ ਵਾਪਸ ਨਹੀਂ ਆਵੇਗਾ।

ਸ: ਚਾਹਲ ਨੇ ਸੁਝਾਅ ਦਿਤਾ ਕਿ ਸਾਡੇ ਮੈਡੀਕਲ ਪੇਸ਼ੇਵਰਾਂ ਅਤੇ ਸਿਹਤ ਵਿਭਾਗ ਨੂੰ ਇਸ ਗੱਲ 'ਤੇ ਕੰਮ ਕਰਨਾ ਚਾਹੀਦਾ ਹੈ ਕਿ ਕਿਵੇਂ ਸਾਡੇ ਲੋਕਾਂ ਦੀ ਰੱਖਿਆ ਕੀਤੀ ਜਾਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਸ ਗਲ ਦਾ ਪਤਾ ਲਗਾਇਆ ਜਾਵੇ ਕਿ ਉਨ੍ਹਾਂ ਦੇ ਸਰੀਰਾਂ ਵਿਚ ਰੋਗਾਂ ਨਾਲ ਲੜ ਸਕਣ ਵਾਲਾ ਸਿਸਟਮ ਕਿਤਨਾ ਕੁ ਤੰਦਰੁਸਤ ਹੈ। ਸਾਨੂੰ ਆਪਣੇ ਲੋਕਾਂ ਦੇ ਸਰੀਰਕ ਸਿਸਟਮ ਨੂੰ ਤੰਦਰੁਸਤ ਤੇ ਸਰੀਰਕ ਬਿਮਾਰੀਆਂ ਦੇ ਨਾਲ ਲੜ ਸਕਣ ਦੇ ਸਮਰਥ ਬਣਾਉਣਾ ਚਾਹੀਦਾ ਹੈ।


Vandana

Content Editor

Related News