ਅਮਰੀਕੀ ਚੋਣ ਨਤੀਜਿਆਂ ''ਤੇ ਕੈਨੇਡੀਅਨ ਨੇਤਾਵਾਂ ਦੀ ਵੀ ਤਿੱਖੀ ਨਜ਼ਰ
Wednesday, Nov 04, 2020 - 03:37 PM (IST)
ਟੋਰਾਂਟੋ- ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ 'ਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਦੀਆਂ ਵੀ ਨਜ਼ਰਾਂ ਟਿਕੀਆਂ ਹਨ। ਕੈਨੇਡੀਅਨ ਨਾਗਰਿਕਾਂ ਸਣੇ ਇੱਥੋਂ ਦੇ ਨੇਤਾ ਵੀ ਇਸ ਵਿਚ ਬਹੁਤ ਦਿਲਚਸਪੀ ਲੈ ਰਹੇ ਹਨ। ਚੋਣ ਨਤੀਜੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਬਦਲਾਅ ਲਿਆਉਣ ਵਿਚ ਸਹਾਈ ਹੁੰਦੇ । ਹਾਲਾਂਕਿ ਕੈਨੇਡੀਅਨ ਨੇਤਾਵਾਂ ਨੇ ਹੁਣ ਤੱਕ ਚੱਲ ਰਹੇ ਚੋਣਾਂ ਦੇ ਰੁਝਾਨਾਂ ਬਾਰੇ ਕੋਈ ਬਿਆਨਬਾਜ਼ੀ ਨਹੀਂ ਕੀਤੀ।
ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਅਮਰੀਕਾ ਪ੍ਰਭਾਵਿਤ ਹੋਇਆ ਹੈ, ਇਸ ਕਾਰਨ ਬਹੁਤੇ ਅਮਰੀਕੀਆਂ ਵਿਚ ਬਹੁਤ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਕੋਰੋਨਾ ਵਾਇਰਸ ਨਾਲ ਨਜੱਠਿਣ ਲਈ ਜ਼ਰੂਰੀ ਕਦਮ ਨਹੀਂ ਚੁੱਕੇ, ਜਿਸ ਕਾਰਨ ਲੱਖਾਂ ਜ਼ਿੰਦਗੀਆਂ ਬਰਬਾਦ ਹੋ ਗਈਆਂ।
ਸੂਤਰਾਂ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਾਥੀ ਨੇਤਾ ਵੀ ਚੋਣ ਨਤੀਜਿਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕੈਨੇਡੀਅਨ ਅਖਬਾਰਾਂ ਅਤੇ ਨਿਊਜ਼ ਵੈੱਬਸਾਈਟਾਂ 'ਤੇ ਅਮਰੀਕਾ ਚੋਣਾਂ ਕਾਫੀ ਸਮੇਂ ਤੋਂ ਵਿਸ਼ੇਸ਼ ਥਾਂ ਰੱਖ ਰਹੀਆਂ ਹਨ।
ਸੂਤਰਾਂ ਮੁਤਾਬਕ ਐੱਨ. ਡੀ. ਪੀ. ਦੇ ਪ੍ਰਧਾਨ ਜਗਮੀਤ ਸਿੰਘ ਅਤੇ ਬਲੋਕ ਕਿਊਬਕਿਅਸ ਲੀਡਰ ਯਵੇਸ ਫਰਾਂਸਿਸ ਬਲੈਨਚਟ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਟਰੰਪ ਦੀ ਚੋਣਾਂ ਵਿਚ ਹਾਰ ਹੋਵੇਗੀ।
ਦੱਸ ਦਈਏ ਕਿ ਕੈਨੇਡੀਅਨ ਲੋਕਾਂ ਨੇ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸੱਟੇ ਲਾਏ ਹੋਏ ਹਨ ਤੇ ਹਰੇਕ ਦੀ ਨਜ਼ਰ ਟੀ. ਵੀ. 'ਤੇ ਆ ਰਹੇ ਚੋਣ ਨਤੀਜਿਆਂ ਉੱਤੇ ਟਿਕੀ ਹੋਈ ਹੈ।