ਅਮਰੀਕਾ : ਹੁਣ ਜਲਦ ਹੀ ਘਰਾਂ ''ਚ ਹੋਣਗੇ ਕੋਰੋਨਾ ਵਾਇਰਸ ਟੈਸਟ

10/15/2020 12:55:03 PM

ਫਰਿਜਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਉੱਪਰ ਕਾਬੂ ਪਾਉਣ ਲਈ ਇਸ ਦੀ ਲਾਗ ਬਾਰੇ ਟੈਸਟ ਕਰਨਾ ਬਹੁਤ ਜ਼ਰੂਰੀ ਹੈ। ਟੈਸਟ ਕਰਨ ਦੇ ਬਾਅਦ ਹੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਇਸ ਦੇ ਲੱਛਣ ਦਿਖਾਉਣ ਵਾਲਾ ਵਿਅਕਤੀ ਇਸ ਤੋਂ ਪੀੜਿਤ ਹੈ ਜਾਂ ਨਹੀਂ। ਫਿਰ ਨਤੀਜੇ ਅਨੁਸਾਰ ਅਗਲੀਆਂ ਸਾਵਧਾਨੀਆਂ ਰੱਖੀਆਂ ਜਾ ਸਕਦੀਆਂ ਹਨ ਪਰ ਕਈ ਵਿਅਕਤੀ ਕਿਸੇ ਕਾਰਨ ਕਰਕੇ ਇਸ ਵਾਇਰਸ ਦੀ ਲਾਗ ਦਾ ਟੈਸਟ ਕਰਵਾਉਣ ਵਿਚ ਅਸਫਲ ਰਹਿੰਦੇ ਹਨ। ਇਸ ਸਮੱਸਿਆ ਦਾ ਹੱਲ ਕਰਨ ਲਈ ਹੁਣ ਘਰਾਂ ਵਿੱਚ ਹੀ ਟੈਸਟ ਕਰਨ ਦੀ ਸਹੂਲਤ ਸ਼ੁਰੂ ਹੋਣ ਜਾ ਰਹੀ ਹੈ।

ਫੈਡਰਲ ਅਧਿਕਾਰੀਆਂ ਵਲੋਂ ਘਰੇਲੂ ਕੋਰੋਨਾਵਾਇਰਸ ਟੈਸਟਾਂ ਲਈ ਦਿਸ਼ਾ-ਨਿਰਦੇਸ਼ ਤੈਅ ਕਰਨ ਦੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਬਾਅਦ ਖਪਤਕਾਰਾਂ ਲਈ ਕਿੱਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਪਿਛਲੇ ਹਫਤੇ ਬੇਅ ਏਰੀਆ ਵਿਚ ਸੇਫਵੇਅ ਅਤੇ ਐਲਬਰਟਸਨ ਸਟੋਰਾਂ ਨੇ ਕੋਰੋਨਾ ਵਾਇਰਸ ਕਿੱਟਾਂ ਦੀ ਪੇਸ਼ਕਸ਼ ਕੀਤੀ ਹੈ। ਜਿਸ ਵਿਚ ਟੈਸਟ ਇਕ ਸਕ੍ਰੀਨਿੰਗ ਤੋਂ ਬਾਅਦ ਹੋਵੇਗਾ। ਇਸ ਦੀ ਕੀਮਤ 140 ਡਾਲਰ ਹੈ ਅਤੇ ਮੈਡੀਕਲ ਲੈਬ ਵਿਚ ਕਾਰਵਾਈ ਹੋਣ ਤੋਂ ਬਾਅਦ 72 ਘੰਟਿਆਂ ਦੇ ਵਿਚ ਬਹੁਤ ਜਲਦੀ ਇਸ ਦਾ ਨਤੀਜਾ ਆ ਜਾਂਦਾ ਹੈ।

ਇਨ੍ਹਾਂ ਟੈਸਟ ਕਿੱਟਾਂ ਤੋਂ ਬਹੁਤ ਉਮੀਦਾਂ ਹਨ ਕਿਉਂਕਿ ਇਹ ਸਸਤਾ ਅਤੇ ਤੇਜ਼ੀ ਨਾਲ SARS-CoV-2 ਟੈਸਟ ਕਰਨ ਦਾ ਸਾਧਨ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਵਿਆਪਕ ਰੂਪ ਵਿੱਚ ਉਪਲੱਬਧ ਹੋ ਜਾਣਗੇ। ਇਨ੍ਹਾਂ ਦੇ ਸੰਬੰਧ ਵਿੱਚ ਇੱਕ ਡਰ ਇਹ ਹੈ ਕਿ ਇਹ ਕਿੱਟਾਂ ਕਾਰਗਰ ਸਾਬਿਤ ਹੋਣਗੀਆਂ ਜਾਂ ਨਹੀਂ ਕਿਉਂਕਿ ਜਲਦੀ ਮਿਲਿਆ ਟੈਸਟ ਨਤੀਜਾ ਭਰੋਸੇਯੋਗ ਹੋਵੇਗਾ ਇਸ ਬਾਰੇ ਖੁਲਾਸਾ ਨਹੀਂ ਹੋਇਆ ਹੈ।


Lalita Mam

Content Editor

Related News