USA : ਪਿਛਲੇ 24 ਘੰਟਿਆਂ ''ਚ 2,502 ਮੌਤਾਂ, 10 ਲੱਖ ਤੋਂ ਪਾਰ ਹੋਈ ਪੀੜਤਾਂ ਦੀ ਗਿਣਤੀ
Thursday, Apr 30, 2020 - 07:34 AM (IST)
ਵਾਸ਼ਿੰਗਟਨ- ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿਚ, ਇੱਥੇ 2,502 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 60,876 ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਇੱਥੇ 2200 ਲੋਕਾਂ ਦੀ ਮੌਤ ਹੋਈ ਸੀ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰਕੇ 10,38,451 ਤੱਕ ਪੁੱਜ ਗਈ ਹੈ। ਜਿਸ ਤਰ੍ਹਾਂ ਹਰ ਰੋਜ਼ ਅਮਰੀਕਾ ਵਿਚ ਹਜ਼ਾਰਾਂ ਲੋਕ ਮਰ ਰਹੇ ਹਨ, ਇਸ ਨਾਲ ਟਰੰਪ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਰਹੀਆਂ ਹਨ ਕਿਉਂਕਿ ਲੋਕ ਦੋਸ਼ ਲਗਾ ਰਹੇ ਹਨ ਕਿ ਟਰੰਪ ਸਰਕਾਰ ਸਹੀ ਕਦਮ ਨਹੀਂ ਚੁੱਕ ਰਹੀ।
ਅਮਰੀਕਾ ਵਿਚ ਲਗਭਗ ਤਿੰਨ ਮਹੀਨਿਆਂ ਵਿਚ 60 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਹੈ। ਇਹ ਅੰਕੜਾ ਵੀਅਤਨਾਮ ਦੀ ਜੰਗ ਵਿਚ ਮਾਰੇ ਗਏ ਫੌਜੀਆਂ ਦੀ ਗਿਣਤੀ ਤੋਂ ਵੀ ਵੱਧ ਹੈ। ਤੁਹਾਨੂੰ ਦੱਸ ਦੇਈਏ ਕਿ 10 ਸਾਲਾ ਵੀਅਤਨਾਮ ਯੁੱਧ ਵਿੱਚ 58,200 ਲੋਕਾਂ ਦੀ ਮੌਤ ਹੋਈ ਸੀ, ਜਦੋਂ ਕਿ ਇੱਥੇ ਕੁੱਝ ਦਿਨਾਂ ਵਿਚ ਇੰਨਾ ਭਾਰੀ ਨੁਕਸਾਨ ਹੋ ਗਿਆ ਹੈ। ਦੱਸ ਦੇਈਏ ਕਿ ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ 6 ਫਰਵਰੀ ਨੂੰ ਹੋਈ ਸੀ।
ਜ਼ਿਕਰਯੋਗ ਹੈ ਕਿ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੀ ਲਪੇਟ ਵਿਚ 32 ਲੱਖ ਲੋਕ ਹਨ ਜਦਕਿ ਪੀੜਤਾਂ ਦਾ ਤੀਜਾ ਹਿੱਸਾ ਸਿਰਫ ਅਮਰੀਕਾ ਵਿਚ ਹੀ ਹੈ। ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਵਿਸ਼ਵ ਭਰ ਵਿਚ 31,90,743 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ ਅਤੇ ਹੁਣ ਤੱਕ ਕੁੱਲ 2,27,368 ਲੋਕਾਂ ਦੀ ਮੌਤ ਹੋ ਚੁੱਕੀ ਹੈ।