ਅਮਰੀਕਾ ਨੇ ਕੋਰੋਨਾ ਟੀਕਾਕਰਨ ''ਚ 100 ਮਿਲੀਅਨ ਖੁਰਾਕਾਂ ਦਾ ਅੰਕੜਾ ਕੀਤਾ ਪਾਰ
Sunday, Mar 14, 2021 - 06:11 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) ਅਮਰੀਕਾ ਵਿੱਚ ਸਰਕਾਰ ਕੋਰੋਨਾ ਵਾਇਰਸ ਟੀਕੇ ਨੂੰ ਜ਼ਿਆਦਾਤਰ ਦੇਸ਼ ਵਾਸੀਆਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਟੀਕਾਕਰਨ ਮੁਹਿੰਮ ਦੇ ਸੰਬੰਧ ਵਿੱਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਅਮਰੀਕਾ ਹੁਣ ਕੋਵਿਡ-19 ਟੀਕੇ ਦੀਆਂ 101.1 ਮਿਲੀਅਨ ਖੁਰਾਕਾਂ ਨੂੰ ਲਗਾ ਚੁੱਕਾ ਹੈ।ਅੰਕੜਿਆਂ ਅਨੁਸਾਰ 35 ਮਿਲੀਅਨ ਤੋਂ ਵੱਧ ਅਮਰੀਕੀ ਲੋਕ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ 10.5% ਹੈ ਅਤੇ ਲੱਗਭਗ 66 ਮਿਲੀਅਨ ਜਾਂ ਕੁੱਲ ਆਬਾਦੀ ਦੇ 20% ਲੋਕਾਂ ਨੇ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ।
ਇਸ ਦੇ ਇਲਾਵਾ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੱਗਭਗ ਇੱਕ ਤਿਹਾਈ ਅਮਰੀਕੀ ਪੂਰੀ ਤਰ੍ਹਾਂ ਟੀਕੇ ਲਗਵਾ ਚੁੱਕੇ ਹਨ।ਜੋਨਜ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਇਕੱਤਰ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਆਪੀ ਰੋਲਆਊਟ ਵਿੱਚ ਪਹਿਲਾ ਸ਼ਾਟ 14 ਦਸੰਬਰ ਨੂੰ ਦਿੱਤੀ ਗਿਆ ਸੀ। ਅਮਰੀਕਾ ਵਿੱਚ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਜ਼ਿਆਦਾ ਖੁਰਾਕਾਂ ਦਾ ਪ੍ਰਬੰਧਣ ਕੀਤਾ ਗਿਆ ਹੈ, ਹਾਲਾਂਕਿ ਕਈ ਛੋਟੇ ਦੇਸ਼ਾਂ ਨੇ ਆਬਾਦੀ ਦੇ ਅਨੁਸਾਰ ਟੀਕੇ ਦੇ ਵੱਧ ਅਨੁਪਾਤ ਨੂੰ ਲਗਾਇਆ ਹੈ।
ਪੜ੍ਹੋ ਇਹ ਅਹਿਮ ਖਬਰ- ਪੱਛਮੀ ਆਸਟ੍ਰੇਲੀਆ 'ਚ ਅੱਜ ਪਈਆਂ ਵੋਟਾਂ, ਲੇਬਰ ਪਾਰਟੀ ਨੂੰ ਪੂਰਨ ਜਿੱਤ ਦੀ ਆਸ
ਬਾਈਡੇਨ ਪ੍ਰਸ਼ਾਸਨ ਦਾ ਅਨੁਮਾਨ ਹੈ ਕਿ ਮਈ ਤੱਕ ਹਰ ਬਾਲਗ ਲਈ ਟੀਕੇ ਦੀਆਂ ਖੁਰਾਕਾਂ ਉਪਲਬਧ ਹੋਣਗੀਆਂ। ਨੌਜਵਾਨਾਂ ਅਤੇ ਬੱਚਿਆਂ ਵਿੱਚ ਟੀਕਾਕਰਨ ਸੰਬੰਧੀ ਕਲੀਨੀਕਲ ਅਜ਼ਮਾਇਸ਼ 2022 ਦੇ ਸ਼ੁਰੂ ਵਿੱਚ ਟੀਕੇ ਲਗਾਉਣ ਦਾ ਰਾਹ ਸਾਫ ਕਰ ਸਕਦੀ ਹੈ।ਰਾਜ ਅਤੇ ਫੈਡਰਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਕਿਆਂ ਦੀ ਸਪਲਾਈ ਵਿੱਚ ਆਉਣ ਵਾਲਾ ਵਾਧਾ ਟੀਕਾਕਰਨ ਮੁਹਿੰਮ ਨੂੰ ਵਧਾਉਣ ਵਿੱਚ ਸਭ ਤੋਂ ਵੱਡੀ ਰੁਕਾਵਟ ਦੂਰ ਕਰੇਗਾ। ਅਧਿਕਾਰੀਆਂ ਅਨੁਸਾਰ ਟੀਕਾਕਰਨ ਮੁਹਿੰਮ ਵਿੱਚ ਇੱਕ ਦਿਨ ਵਿੱਚ ਔਸਤਨ 2 ਮਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਰਹੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।