ਅਮਰੀਕਾ : ਸੌਖੇ ਤਰੀਕੇ ਨਾਲ ਜਲਦੀ ਹੋਣਗੇ ਕੋਰੋਨਾ ਟੈਸਟ, ਵੈਂਡਿੰਗ ਮਸ਼ੀਨਾਂ ਕਰਨਗੀਆਂ ਮਦਦ

Wednesday, Feb 03, 2021 - 08:50 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੋਰੋਨਾ ਵਾਇਰਸ ਮਹਾਮਾਰੀ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਇਸ ਦਾ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਟੈਸਟ ਦੇ ਨਤੀਜੇ ਨੂੰ ਧਿਆਨ ਵਿਚ ਰੱਖਦਿਆਂ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ । ਇਸ ਲਈ ਅਮਰੀਕਾ ਵਿਚ ਇਸ ਪ੍ਰਕਿਰਿਆ ਨੂੰ ਹੋਰ ਤੇਜ਼ ਅਤੇ ਸਰਲ ਬਣਾਉਣ ਲਈ ਕੋਰੋਨਾ ਟੈਸਟ ਕਿੱਟਾਂ ਨੂੰ ਵੈਂਡਿੰਗ ਮਸ਼ੀਨਾਂ ਰਾਹੀਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਮਰੀਕੀ ਲੋਕ ਜਲਦੀ ਹੀ ਦੇਸ਼ ਭਰ ਦੇ ਕਰਿਆਨਾ ਸਟੋਰ, ਸ਼ਾਪਿੰਗ ਮਾਲ, ਹਵਾਈ ਅੱਡਿਆਂ ਅਤੇ ਸਬਵੇਅ ਸਟੇਸ਼ਨਾਂ ਆਦਿ 'ਤੇ ਇਕ ਨਵੀਂ ਵੈਂਡਿੰਗ ਮਸ਼ੀਨ ਨੂੰ ਵੇਖਣਗੇ। ਇਨ੍ਹਾਂ ਵੈਂਡਿੰਗ ਮਸ਼ੀਨਾਂ ਦੁਆਰਾ ਸੰਪਰਕ ਰਹਿਤ ਕੋਰੋਨਾ ਟੈਸਟਿੰਗ ਕਿੱਟਾਂ ਦੀ ਪੇਸ਼ਕਸ਼ ਕਰਨ ਲਈ ਸਟਾਰਟਅਪ ਵੈਲਨੈਸ ਫਾਰ ਹਿਊਮੈਨਟੀ ਨੇ ਮੈਡੀਕਲ ਡਿਵਾਈਸ ਕੰਪਨੀ ਸਪੈਕਟ੍ਰਮ ਸਲਿਊਸ਼ਨਜ਼ ਤੇ ਸਾਫਟਵੇਅਰ ਅਤੇ ਟੈਕਨੋਲੋਜੀ ਸਰਵਿਸਿਜ਼ ਕੰਪਨੀ ਸਵਾਈਫਟ ਨਾਲ ਸਾਂਝੇਦਾਰੀ ਕੀਤੀ ਹੈ ।

PunjabKesari

ਇਸ ਮਸ਼ੀਨ ਰਾਹੀਂ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਵਲੋਂ ਅਧਿਕਾਰਤ ਕੋਵਿਡ-19 ਲਈ ਥੁੱਕ ਟੈਸਟ ਦੀ ਟੈਸਟ ਕਿੱਟ ਪ੍ਰਦਾਨ ਕੀਤੀ ਜਾਵੇਗੀ। ਇਸ ਕੰਪਨੀ ਨੇ ਹਾਲ ਹੀ ਵਿਚ ਨਿਊਯਾਰਕ 'ਚ ਪਹਿਲੀ ਵੈਂਡਿੰਗ ਮਸ਼ੀਨ ਦਾ ਉਦਘਾਟਨ ਕੀਤਾ ਹੈ ਅਤੇ ਅਗਲੇ ਛੇ ਮਹੀਨਿਆਂ ਵਿਚ ਦੇਸ਼ ਭਰ ਵਿਚ ਹਜ਼ਾਰਾਂ ਮਸ਼ੀਨਾਂ ਨੂੰ ਲਗਾਉਣ ਦੀ ਯੋਜਨਾ ਹੈ। ਕੰਪਨੀ ਅਨੁਸਾਰ ਮੌਜੂਦਾ ਸਮੇਂ ਕੋਰੋਨਾ ਵਾਇਰਸ ਟੈਸਟਿੰਗ ਲਈ ਜ਼ਿਆਦਾ ਸਮਾਂ ਉਡੀਕ ਕਰਨੀ ਪੈਂਦੀ ਹੈ, ਖ਼ਾਸਕਰ ਨਿਊਯਾਰਕ ਵਰਗੇ ਮੁੱਖ ਸ਼ਹਿਰਾਂ ਵਿਚ ਲੰਮੀਆਂ ਲਾਈਨਾਂ ਵੀ ਲੱਗ ਜਾਂਦੀਆਂ ਹਨ।

ਇਸ ਲਈ ਇਨ੍ਹਾਂ ਵੈਂਡਿੰਗ ਮਸ਼ੀਨਾਂ ਨਾਲ ਵਾਇਰਸ ਸੰਬੰਧੀ ਟੈਸਟ ਨੂੰ ਤੇਜ਼ ਅਤੇ ਸਰਲ ਬਣਾਉਣ ਵਿਚ ਮਦਦ ਮਿਲੇਗੀ ਅਤੇ ਇਨ੍ਹਾਂ ਟੈਸਟ ਕਿੱਟਾਂ ਦੀ ਕੀਮਤ 119 ਤੋਂ 149 ਡਾਲਰ ਤੱਕ ਹੋ ਸਕਦੀ ਹੈ। ਇਸ ਦੇ ਇਲਾਵਾ ਇਨ੍ਹਾਂ ਟੈਸਟ ਕਿੱਟਾਂ ਵਿਚ ਥੁੱਕ ਇਕੱਠਾ ਕਰਨ ਵਾਲਾ ਉਪਕਰਣ, ਬਾਇਓਹਾਜ਼ਰਡ ਬੈਗ, ਰਿਟਰਨ ਸ਼ਿਪਿੰਗ ਲੇਬਲ ਅਤੇ ਉਪਭੋਗਤਾ ਗਾਈਡ ਆਦਿ ਸ਼ਾਮਿਲ ਹਨ। ਇਹ ਟੈਸਟ ਕਿੱਟਾਂ  ਸਿਹਤ ਯੋਜਨਾ ਦੇ ਅਧਾਰ ਤੇ ਬੀਮੇ ਦੁਆਰਾ ਕਵਰ ਕੀਤੀਆਂ ਜਾ ਸਕਦੀਆਂ ਹਨ ਅਤੇ ਵੈਲਨੈਸ ਫਾਰ ਹਿਊਮੈਨਟੀ ਅਤੇ ਐਮਾਜ਼ਾਨ.ਕਾਮ ਦੁਆਰਾ ਘਰ ਦੀ ਡਿਲੀਵਰੀ ਲਈ ਵੀ ਉਪਲੱਬਧ ਹਨ।


Lalita Mam

Content Editor

Related News