ਨਿਊਯਾਰਕ 'ਚ ਸਾਹਮਣੇ ਆਇਆ ਬ੍ਰਾਜ਼ੀਲੀ ਕੋਰੋਨਾ ਵਾਇਰਸ ਵੇਰੀਐਂਟ ਦਾ ਪਹਿਲਾ ਕੇਸ
Tuesday, Mar 23, 2021 - 10:44 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ਸ਼ਨੀਵਾਰ ਨੂੰ ਦੱਸਿਆ ਹੈ ਕਿ ਨਿਊਯਾਰਕ ਵਿੱਚ, ਸਭ ਤੋਂ ਪਹਿਲਾਂ ਬ੍ਰਾਜ਼ੀਲ ਵਿੱਚ ਪਾਏ ਗਏ ਕੋਰੋਨਾ ਵਾਇਰਸ ਦੇ ਇੱਕ ਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਗਵਰਨਰ ਦੇ ਦਫ਼ਤਰ ਨੇ ਦੱਸਿਆ ਕਿ ਵਾਇਰਸ ਦੇ ਪੀ .1 ਵੇਰੀਐਂਟ ਦੇ ਮਰੀਜ਼ ਦੀ ਪਛਾਣ ਨਿਊਯਾਰਕ ਸਿਟੀ ਦੇ ਮਾਉਂਟ ਸਿਨਾਈ ਹਸਪਤਾਲ ਵਿਖੇ ਹੋਈ ਹੈ।
ਪੀੜਤ ਮਰੀਜ਼ ਆਪਣੇ 90 ਦੇ ਦਹਾਕੇ ਦੀ ਬਰੁਕਲਿਨ ਨਾਲ ਸੰਬੰਧਿਤ ਔਰਤ ਹੈ।ਇਸ ਮਹਿਲਾ ਦੀ ਯਾਤਰਾ ਸੰਬੰਧੀ ਕੋਈ ਹਿਸਟਰੀ ਨਹੀਂ ਹੈ। ਕੁਓਮੋ ਦੇ ਅਨੁਸਾਰ, ਇਸ ਮਹਿਲਾ ਦੇ ਸੰਭਾਵਿਤ ਸਥਾਨਕ ਸੰਪਰਕਾਂ ਨੂੰ ਵੀ ਟ੍ਰੈਕ ਕੀਤਾ ਜਾ ਰਿਹਾ ਹੈ।ਬ੍ਰਾਜ਼ੀਲ ਦੇ ਵਾਇਰਸ ਦਾ ਇਹ ਰੂਪ ਵਿਸ਼ਾਣੂ ਦੇ ਤੇਜ਼ੀ ਨਾਲ ਵਿਕਸਿਤ ਹੋਣ ਵਾਲੇ ਕਈ ਸੰਸਕਰਣਾਂ ਵਿਚੋਂ ਇੱਕ ਹੈ ਜੋ ਸਿਹਤ ਅਧਿਕਾਰੀਆਂ ਲਈ ਚਿੰਤਾਵਾਂ ਦਾ ਕਾਰਨ ਬਣ ਰਹੇ ਹਨ। ਸਿਹਤ ਮਾਹਿਰ ਬੀ.1.526, ਬੀ.1.1.7 ਯੂ. ਕੇ ਵੈਰੀਐਂਟ , ਦੱਖਣੀ ਅਫਰੀਕਾ ਤੋਂ ਬੀ .1.351 ਆਦਿ ਰੂਪਾਂ ਨਾਲ ਵੀ ਨਜਿੱਠ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਹੜ੍ਹ ਦੇ ਨਾਲ ਮੱਕੜੀਆਂ ਦਾ ਕਹਿਰ, ਦਹਿਸ਼ਤ 'ਚ ਲੋਕ (ਵੀਡੀਓ)
ਅਮਰੀਕਾ ਵਿੱਚ ਬ੍ਰਾਜ਼ੀਲ ਦੇ ਵੇਰੀਐਂਟ ਦਾ ਪਤਾ ਪਹਿਲੀ ਵਾਰ ਜਨਵਰੀ ਦੇ ਅਖੀਰ ਵਿੱਚ ਲੱਗਿਆ ਸੀ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਨੇ ਇਸ ਨੂੰ ਚਿੰਤਾਜਨਕ ਦੱਸਿਆ ਹੈ ਕਿਉਂਕਿ ਇਸ ਵਿੱਚ ਫੈਲਾਅ ਦੀ ਸੰਭਾਵਨਾ ਜ਼ਿਆਦਾ ਹੈ। ਸਰਕਾਰ ਦੁਆਰਾ ਲੋਕਾਂ ਨੂੰ ਸਿਹਤ ਦੀ ਰੱਖਿਆ ਲਈ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ, ਹੱਥ ਧੋਣ ਅਤੇ ਕੋਰੋਨਾ ਟੀਕਾ ਲਗਾਓਣ ਦੀ ਅਪੀਲ ਕੀਤੀ ਗਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।