ਕੋਵਿਡ-19 : 32 ਦਿਨਾਂ ਤੋਂ ਵੈਂਟੀਲੇਟਰ 'ਤੇ ਪਏ ਸ਼ਖਸ ਦੀ ਬਚੀ ਜਾਨ, ਡਾਕਟਰ ਵੀ ਹੈਰਾਨ
Tuesday, Apr 28, 2020 - 01:19 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਕੋਰੋਨਾਵਾਇਰਸ ਕਹਿਰ ਬਣ ਕੇ ਟੁੱਟਾ ਹੈ। ਇੱਥੇ ਹੁਣ ਤੱਕ 56 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਮਰੀਜ਼ਾਂ ਦੇ ਇਲਾਜ ਦੌਰਾਨ ਡਾਕਟਰਾਂ ਨੂੰ ਨਵੀਆਂ-ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਲਾਜ ਦੀਆਂ ਬਿਹਤਰੀਨ ਸਹੂਲਤਾਂ ਹੋਣ ਦੇ ਬਾਵਜੂਦ ਇੱਥੇ 56,245 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਇਕ ਮਰੀਜ਼ ਦੇ ਮੌਤ ਦੇ ਮੂੰਹ ਵਿਚੋਂ ਬਚ ਨਿਕਲਣ ਦੀ ਦਿਲਚਸਪ ਕਹਾਣੀ ਸਾਹਮਣੇ ਆਈ ਹੈ।
ਅਮਰੀਕਾ ਦੇ ਮੈਸਾਚੁਸੇਟਸ ਦੇ ਰਹਿਣ ਵਾਲੇ 49 ਸਾਲ ਦੇ ਜਿਮ ਬੇਲੋ ਪੇਸ਼ੇ ਤੋਂ ਵਕੀਲ ਹਨ ਪਰ ਐਥਲੈਟਿਕਸ ਵਿਚ ਵੀ ਹਿੱਸਾ ਲੈਂਦੇ ਰਹੇ ਹਨ। ਉਹ ਸਿਹਤਮੰਦ ਸਨ ਅਤੇ ਪਹਿਲਾਂ ਤੋਂ ਉਹਨਾਂ ਨੂੰ ਕੋਈ ਬੀਮਾਰੀ ਨਹੀਂ ਸੀ। ਅਚਾਨਕ ਉਹ ਕੋਰੋਨਾ ਇਨਫੈਕਸ਼ਨ ਨਾਲ ਪੀੜਤ ਹੋ ਗਏ। ਡਾਕਟਰਾਂ ਨੇ ਉਹਨਾਂ ਦੀ ਪਤਨੀ ਕਿਮ ਬੇਲੋ ਨੂੰ ਵੀ ਦੱਸ ਦਿੱਤਾ ਸੀ ਕਿ ਉਹਨਾਂ ਦੇ ਬਚਣ ਦੀ ਸੰਭਾਵਨਾ ਘੱਟ ਹੈ ਅਤੇ ਮਰ ਜਾਣ ਦਾ ਖਦਸ਼ਾ ਜ਼ਿਆਦਾ। 3 ਬੱਚਿਆਂ ਦੇ ਪਿਤਾ ਜਿਮ ਬੇਲੋ ਦਾ ਇਲਾਜ ਮੈਸਾਚੁਸੇਟਸ ਜਨਰਲ ਹਸਪਤਾਲ ਵਿਚ ਕੀਤਾ ਗਿਆ। ਮਾਰਚ ਦੇ ਸ਼ੁਰੂ ਵਿਚ ਉਹਨਾਂ ਨੂੰ ਤੇਜ਼ ਬੁਖਾਰ ਹੋ ਗਿਆ ਸੀ। ਉਹਨਾਂ ਨੂੰ 32 ਦਿਨ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ। ਇਸ ਦੌਰਾਨ 9 ਦਿਨ ਤੱਕ ਉਹਨਾਂ ਨੂੰ Artificial heart-lung ਮਸ਼ੀਨ ਦੇ ਸਹਾਰੇ ਜ਼ਿਉਂਦਾ ਰੱਖਿਆ ਗਿਆ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਡਾਕਟਰ ਐਮੀ ਰੂਬਿਨ ਨੇ ਕਿਮ ਬੇਲੋ ਨੂੰ ਕਿਹਾ ਸੀ,''ਬਚਣ ਦੀ ਕੁਝ ਸੰਭਾਵਨਾ ਹੈ ਪਰ ਜੇਕਰ ਤੁਸੀਂ ਈਮਾਨਦਾਰੀ ਨਾਲ ਜਵਾਹ ਚਾਹੁੰਦੇ ਹੋ ਤਾਂ ਜ਼ਿਆਦਾ ਖਦਸ਼ਾ ਹੈ ਕਿ ਉਹ ਨਾ ਬਚਣ।''' ਅਸਲ ਵਿਚ ਜਿਮ ਬੇਲੋ ਦੇ ਫੇਫੜਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਡਾਕਟਰ ਨੇ ਉਹਨਾਂ ਦੇ ਫੇਫੜਿਆਂ ਦਾ ਐਕਸ-ਰੇਅ ਦੇਖ ਕੇ ਕਿਹਾ ਸੀ ਕਿ ਉਹਨਾਂ ਨੇ ਹੁਣ ਤੱਕ ਜਿੰਨੇ ਐਕਸ-ਰੇਅ ਦੇਖੇ ਹਨ ਇਹ ਸਭ ਤੋਂ ਖਰਾਬ ਹੈ।
ਡਾਕਟਰਾਂ ਨੇ ਜਿਮ ਬੇਲੋ ਦਾ ਕਈ ਪ੍ਰਯੋਗਾਤਮਕ ਦਵਾਈਆਂ ਨਾਲ ਵੀ ਇਲਾਜ ਕੀਤਾ ਪਰ ਜਦੋਂ ਉਹਨਾਂ ਦੀ ਤਬੀਅਤ ਵਿਗੜਦੀ ਗਈ ਤਾਂ ਇਕ ਦਿਨ ਡਾਕਟਰ ਨੇ ਉਹਨਾਂ ਦੀ ਪਤਨੀ ਕਿਮ ਬੇਲੋ ਨੂੰ ਮਿਲਣ ਲਈ ਬੁਲਾਇਆ। ਇਹ ਦੂਜਾ ਮੌਕਾ ਸੀ ਜਦੋਂ ਉਹ ਬੀਮਾਰ ਪਤੀ ਨਾਲ ਮਿਲ ਰਹੀ ਸੀ। ਪਤਨੀ ਕਿਮ ਬੇਲੋ ਨੇ ਦੱਸਿਆ ਕਿ ਮੁਲਾਕਾਤ ਦੇ ਦੌਰਾਨ ਉਹਨਾਂ ਨੂੰ ਲੱਗਾ ਕਿ ਜੇਕਰ ਉਹ ਪਤੀ ਨਾਲ ਕੁਝ ਘੰਟੇ ਗੱਲਾਂ ਕਰੇਗੀ ਤਾਂ ਉਹਨਾਂ ਦੀ ਤਬੀਅਤ ਬਿਹਤਰ ਹੋ ਸਕਦੀ ਹੈ। ਇਸ ਦੌਰਾਨ ਉਹ ਪਤੀ ਨੂੰ ਦੱਸਦੀ ਰਹੀ ਕਿ ਉਸ ਨੂੰ ਜਿਮ ਬੇਲੋ ਦੀ ਕਿੰਨੀ ਲੋੜ ਹੈ। ਉਹਨਾਂ ਨੂੰ ਲੜਨਾ ਹੋਵੇਗਾ। ਉਹ ਉਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇ।
ਪੜ੍ਹੋ ਇਹ ਅਹਿਮ ਖਬਰ- 87 ਸਾਲਾ ਮਾਂ ਲਈ ਆਸਟ੍ਰੇਲੀਆਈ ਸ਼ਖਸ ਨੇ ਘਰ 'ਚ ਬਣਾਈ ਸੁਪਰਮਾਰਕੀਟ (ਵੀਡੀਓ)
ਡਾਕਟਰਾਂ ਨੇ ਪਤਨੀ ਨੂੰ ਮੁਲਾਕਾਤ ਲਈ ਸਿਰਫ 15 ਮਿੰਟ ਦਿੱਤੇ ਸਨ ਪਰ ਬਾਅਦ ਵਿਚ 3 ਘੰਟੇ ਤੱਕ ਉਹਨਾਂ ਨੂੰ ਮਿਲਣ ਦਿੱਤਾ ਗਿਆ। ਕਿਮ ਬੇਲੋ ਇਸ ਦੌਰਾਨ ਪਤੀ ਨੂੰ ਕਹਿੰਦੀ ਰਹੀ,''ਮੈਂ ਤੁਹਾਡਾ ਹੱਥ ਫੜ ਰਹੀ ਹਾਂ। ਮੈ ਤੁਹਾਡੇ ਸਿਰ 'ਤੇ ਹੱਥ ਫੇਰ ਰਹੀ ਹਾਂ।'' ਜਿਮ ਬੇਲੋ ਦੇ ਠੀਕ ਹੋਣ ਦੇ ਬਾਅਦ ਵੀ ਡਾਕਟਰ ਨਹੀਂ ਜਾਣ ਸਕੇ ਕਿ ਉਹ ਕਿਵੇਂ ਬਚ ਗਏ। ਉਹਨਾਂ ਦਾ ਇਲਾਜ ਕਰਨ ਵਾਲੇ ਇਕ ਡਾਕਟਰ ਪੌਲ ਕੂਰੀਅਰ ਨੇ ਕਿਹਾ,''ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ ਪਤਨੀ ਨਾਲ ਹੋਈ ਮੁਲਾਕਾਤ ਨੇ ਉਹਨਾਂ ਦੀ ਮਦਦ ਕੀਤੀ ਹੈ। ਪਤਨੀ ਉਹਨਾਂ ਦੇ ਬੈੱਡ ਕੋਲ 3 ਘੰਟੇ ਤੱਕ ਰਹੀ। ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂਖ ਰਾਬ ਸਮਾਂ ਸੀ। ਤੁਸੀਂ ਇਸ ਨੂੰ ਘੱਟ ਕਰਕੇ ਨਹੀਂ ਦੇਖ ਸਕਦੇ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਕਿੰਨੀਆਂ ਤਬਦੀਲੀਆਂ ਲਿਆ ਸਕਦੀਆਂ ਹਨ।'' ਪਤਨੀ ਨਾਲ ਮੁਲਾਕਾਤ ਦੇ ਸਿਰਫ 3 ਦਿਨ ਬਾਅਦ ਐਕਸ-ਰੇਅ ਵਿਚ ਡਾਕਟਰਾਂ ਨੂੰ ਆਸ ਦੀ ਪਹਿਲੀ ਕਿਰਨ ਨਜ਼ਰ ਆਈ। ਇਸ ਦੇ ਬਾਅਦ ਜਿਮ ਦੀ ਹਾਲਤ ਲਗਾਤਾਰ ਬਿਹਤਰ ਹੋਣ ਲੱਗੀ। ਆਖਿਰਕਾਰ 14 ਅਪ੍ਰੈਲ ਨੂੰ ਜਿਮ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਅਤੇ ਉਹ ਖੁਦ ਸਾਹ ਲੈਣ ਲੱਗੇ। ਹੁਣ ਠੀਕ ਹੋ ਕੇ ਉਹ ਆਪਣੇ ਘਰ ਪਰਤ ਆਏ ਹਨ।