ਅਮਰੀਕੀ ਸੂਬੇ ਟੈਨੇਸੀ 'ਚ ਬਰਾਮਦ ਕੀਤੇ ਗਏ ਲਾਪਤਾ ਹੋਏ 150 ਬੱਚੇ
Friday, Mar 05, 2021 - 04:20 PM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਸੂਬੇ ਟੈਨੇਸੀ ਵਿੱਚ ਅਧਿਕਾਰੀਆਂ ਨੇ ਲਾਪਤਾ ਹੋਏ 150 ਦੇ ਕਰੀਬ ਬੱਚਿਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਸੂਬੇ ਦੇ ਜਾਂਚ ਬਿਊਰੋ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਹੋਰਾਂ ਵਿਭਾਗਾਂ ਨਾਲ ਤਾਲਮੇਲ ਕਰਕੇ ਪੂਰੇ ਟੈਨੇਸੀ ਵਿੱਚ 150 ਲਾਪਤਾ ਬੱਚਿਆਂ ਦੀ ਬਰਾਮਦਗੀ ਹੋਈ ਹੈ।
ਰਾਜ ਵਿੱਚ 240 ਲਾਪਤਾ ਬੱਚਿਆਂ ਦੀ ਪਛਾਣ ਕਰਨ ਤੋਂ ਬਾਅਦ 'ਆਪ੍ਰੇਸ਼ਨ ਵਲੰਟੀਅਰ ਸਟਰਾਂਗ' ਦੀ 4 ਜਨਵਰੀ ਨੂੰ ਸ਼ੁਰੂਆਤ ਕੀਤੀ ਗਈ ਸੀ ਅਤੇ ਟੈਨੇਸੀ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਰੀਲੀਜ਼ ਅਨੁਸਾਰ ਇਹਨਾਂ ਬਰਾਮਦ ਕੀਤੇ ਬੱਚਿਆਂ ਵਿੱਚੋਂ ਘੱਟੋ ਘੱਟ ਪੰਜ ਬੱਚੇ ਮਨੁੱਖੀ ਤਸਕਰੀ ਦੇ ਸੰਭਾਵਿਤ ਸ਼ਿਕਾਰ ਸਨ।ਇਸ ਦੇ ਇਲਾਵਾ ਇਸ ਮੁਹਿੰਮ ਦੀ ਜਾਂਚ ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਬੱਚਿਆਂ ਦੀ ਬਰਾਮਦੀ ਦਾ ਇਹ ਆਪ੍ਰੇਸ਼ਨ ਟੀ ਬੀ ਆਈ, ਯੂ ਐਸ ਮਾਰਸ਼ਲ ਸਰਵਿਸ ਅਤੇ ਟੈਨੇਸੀ ਵਿਭਾਗ ਦੇ ਬੱਚਿਆਂ ਦੀਆਂ ਸੇਵਾਵਾਂ ਦੇ ਨਾਲ ਇੱਕ ਸਾਂਝਾ ਯਤਨ ਸੀ ਅਤੇ ਨੈਸ਼ਨਲ ਸੈਂਟਰ ਨੇ ਇਸ ਆਪ੍ਰੇਸ਼ਨ ਦੌਰਾਨ ਜਾਂਚ ਵਿੱਚ ਸਹਾਇਤਾ ਪ੍ਰਦਾਨ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- 2019 'ਚ ਦੁਨੀਆ ਭਰ 'ਚ 93 ਕਰੋੜ ਟਨ ਤੋਂ ਵੱਧ ਭੋਜਨ ਹੋਇਆ ਬਰਬਾਦ : ਸੰਯੁਕਤ ਰਾਸ਼ਟਰ
ਇਸ ਦੇ ਇਲਾਵਾ ਵਰਜੀਨੀਆ ਦੇ ਡਿਪਟੀ ਅਟਾਰਨੀ ਜਨਰਲ ਜੇਫਰੀ ਏ ਰੋਜ਼ਨ ਅਨੁਸਾਰ ਓਹੀਓ, ਜਾਰਜੀਆ, ਇੰਡੀਆਨਾ ਅਤੇ ਹੋਰ ਰਾਜਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਕਰਦਿਆਂ 2020 ਵਿੱਚ 440 ਤੋਂ ਵੱਧ ਬੱਚਿਆਂ ਨੂੰ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਸੀ। ਇਸ ਦੇ ਨਾਲ ਹੀ ਅਕਤੂਬਰ ਵਿੱਚ ਓਹੀਓ ਭਰ 'ਚ ਆਪ੍ਰੇਸ਼ਨ ਅਟੁਮ ਹੋਪ ਦੌਰਾਨ 45 ਲਾਪਤਾ ਬੱਚਿਆਂ ਦੀ ਬਰਾਮਦਗੀ ਦਾ ਐਲਾਨ ਕੀਤਾ ਸੀ, ਜਿਸ ਦੇ ਨਤੀਜੇ ਵਜੋਂ 179 ਗ੍ਰਿਫ਼ਤਾਰੀਆਂ ਵੀ ਹੋਈਆਂ ਸਨ।