ਚੀਨ ਵਿਰੁੱਧ ਕੁਝ ਹੋਰ ਕਦਮ ਚੁੱਕ ਸਕਦਾ ਹੈ ਅਮਰੀਕਾ : ਵ੍ਹਾਈਟ ਹਾਊਸ

Thursday, Jul 09, 2020 - 10:04 AM (IST)

ਚੀਨ ਵਿਰੁੱਧ ਕੁਝ ਹੋਰ ਕਦਮ ਚੁੱਕ ਸਕਦਾ ਹੈ ਅਮਰੀਕਾ : ਵ੍ਹਾਈਟ ਹਾਊਸ

ਵਾਸ਼ਿੰਗਟਨ (ਭਾਸ਼ਾ): ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕਾ ਚੀਨ ਦੇ ਵਿਰੁੱਧ ਹੋਰ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ। ਭਾਵੇਂਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਹਨਾਂ ਕਦਮਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਗਲਬੋਲ ਮਹਾਮਾਰੀ ਕੋਰੋਨਾਵਾਇਰਸ ਦੇ ਫੈਲਣ ਦੇ ਬਾਅਦ ਤੋਂ ਅਮਰੀਕਾ ਅਤੇ ਚੀਨ ਵਿਚਾਲੇ ਸੰਬੰਧਾਂ ਵਿਚ ਤਣਾਅ ਬਹੁਤ ਵੱਧ ਗਿਆ ਹੈ। ਕੋਵਿਡ-19 ਨੂੰ ਲੈ ਕੇ ਟਰੰਪ ਨੇ ਚੀਨ 'ਤੇ ਕਈ ਦੋਸ਼ ਲਗਾਏ ਹਨ। 

ਹਾਂਗਕਾਂਗ ਵਿਚ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਸਬੰਧੀ ਵੀ ਦੋਹਾਂ ਦੇਸ਼ਾਂ ਵਿਚਾਲੇ ਮਤਭੇਦ ਹੈ। ਇਸ ਦੇ ਇਲਾਵਾ ਦੋਹਾਂ ਦੇਸ਼ਾਂ ਵਿਚ ਤਣਾਅ ਦੇ ਹੋਰ ਮੁੱਦੇ ਅਮਰੀਕੀ ਪੱਤਰਕਾਰਾਂ 'ਤੇ ਪਾਬੰਦੀ, ਉਇਗਰ ਮੁਸਲਿਮਾਂ ਦੇ ਪ੍ਰਤੀ ਚੀਨ ਦਾ ਵਤੀਰਾ ਅਤੇ ਤਿੱਬਤ ਵਿਚ ਉਸ ਦੇ ਕਦਮ ਹਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕਾਇਲੇ ਮੈਕਨੇਨੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ,''ਕੁਝ ਕਦਮ ਚੁੱਕੇ ਜਾਣਗੇ ਜੋ ਚੀਨ ਨਾਲ ਸਬੰਧਤ ਹੋਣਗੇ। ਮੈਂ ਇਸ ਦੀ ਪੁਸ਼ਟੀ ਕਰ ਸਕਦੀ ਹਾਂ।''

ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਵਿਦੇਸ਼ ਮੰਤਰੀ ਸਮੇਤ ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਹਾਲ ਹੀ ਵਿਚ ਅਜਿਹੇ ਬਿਆਨ ਦਿੱਤੇ ਸਨ, ਜਿਹਨਾਂ ਤੋਂ ਸੰਕੇਤ ਮਿਲਦੇ ਹਨ ਕਿ ਰਾਸ਼ਟਰਪਤੀ ਆਉਣ ਵਾਲੇ ਦਿਨਾਂ ਵਿਚ ਚੀਨ ਦੇ ਵਿਰੁੱਧ ਕੁਝ ਹੋਰ ਕਦਮ ਚੁੱਕ ਸਕਦੇ ਹਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰੌਬਰਟ ਓ ਬ੍ਰਾਇਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਦੀ ਨਜ਼ਰ ਟਿਕਟਾਕ, ਵੀਚੈਟ ਅਤੇ ਕੁਝ ਹੋਰ ਐਪਲੀਕੇਸ਼ਨਾਂ 'ਤੇ ਹੈ ਜਿਹਨਾਂ ਦੀ ਵਰਤੋਂ ਚੀਨ ਦੀ ਸਰਕਾਰ ਕਥਿਤ ਤੌਰ 'ਤੇ ਅਮਰੀਕੀਆਂ ਦੇ ਨਿੱਜੀ ਡਾਟਾ ਹਾਸਲ ਕਰਨ ਲਈ ਕਰ ਰਹੀ ਹੈ। ਸਾਂਸਦ ਮੈਟ ਗੈਟਜ ਨੇ ਇਕ ਟਵੀਟ ਵਿਚ ਕਿਹਾ ਕਿ ਅਮਰੀਕਾ ਨੂੰ ਇਸ ਤੱਥ ਨੂੰ ਦੇਖਦੇ ਹੋਏ ਹੋਰ ਜ਼ਿਆਦਾ ਤਿਆਰ, ਸਾਵਧਾਨ ਰਹਿਣਾ ਚਾਹੀਦਾ ਹੈ ਕਿ ਚੀਨ ਇਕ ਦੁਸ਼ਮਣ ਹੈ।


author

Vandana

Content Editor

Related News