ਅਮਰੀਕਾ : ਕੈਂਸਰ ਦੇ ਬਹਾਨੇ ਲੋਕਾਂ ਤੋਂ ਇਕੱਠੇ ਕੀਤੇ ਹਜ਼ਾਰਾਂ ਡਾਲਰ, ਔਰਤ ਗ੍ਰਿਫ਼ਤਾਰ
Saturday, May 22, 2021 - 12:33 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਜਾਰਜੀਆ ’ਚ ਇੱਕ ਔਰਤ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦਿਆਂ ਆਪਣੇ ਆਪ ਨੂੰ ਕੈਂਸਰ ਹੋਣ ਬਾਰੇ ਝੂਠ ਬੋਲ ਕੇ ਲੋਕਾਂ ਕੋਲੋਂ ਦਾਨ ਦੇ ਰੂਪ ’ਚ ਹਜ਼ਾਰਾਂ ਡਾਲਰ ਇਕੱਠੇ ਕੀਤੇ ਹਨ। ਇਸ ਘਪਲੇ ਬਾਰੇ ਪੁਲਸ ਨੇ ਦੱਸਿਆ ਕਿ ਜਾਰਜੀਆ ਦੀ ਇੱਕ ਔਰਤ ਨੇ ਲੋਕਾਂ ਨੂੰ ਭਰਮਾਉਣ ਲਈ ਉਸ ਨੂੰ ਟਰਮੀਨਲ ਕੈਂਸਰ ਹੋਣ ਬਾਰੇ ਝੂਠ ਬੋਲਿਆ ਅਤੇ ਇਸ ਦੇ ਹਿੱਸੇ ਵਜੋਂ ਔਰਤ ਨੇ ਆਪਣੇ ਸਿਰ ਦੇ ਵਾਲ ਵੀ ਕਟਵਾ ਦਿੱਤੇ। ਪੁਲਸ ਨੇ ਇਸ ਸਬੰਧ ’ਚ ਸੀਡਰਟਾਊਨ ਦੀ 22 ਸਾਲਾ ਕੇਟੀ ਲਿਨ ਸ਼ੈਲਹੋਰਸ, ਜੋ ਦੋ ਬੱਚਿਆਂ ਦੀ ਮਾਂ ਹੈ, ਨੂੰ ਮੰਗਲਵਾਰ ਧੋਖਾਦੇਹ ਦੇ ਸ਼ੱਕ ’ਚ ਗ੍ਰਿਫਤਾਰ ਕੀਤਾ ਹੈ। ਇਸ ਔਰਤ ਨੇ ਆਪਣੀ ਬੀਮਾਰੀ ਦਾ ਬਹਾਨਾ ਬਣਾ ਕੇ ਘੱਟੋ-ਘੱਟ 15,000 ਡਾਲਰ ਇਕੱਠੇ ਕੀਤੇ ਹਨ।
ਕੇਟੀ ਨੇ ਫੇਸਬੁੱਕ ਦੀ ਵਰਤੋਂ ਕਰਦਿਆਂ ਚਰਚਾਂ, ਦੋਸਤਾਂ ਅਤੇ ਕਮਿਊਨਿਟੀ ਦੇ ਹੋਰ ਮੈਂਬਰਾਂ ਨੂੰ ਉਸ ਦੀ ਡਾਕਟਰੀ ਦੇਖਭਾਲ ਲਈ ਦਾਨ ਦੇਣ ਲਈ ਕਿਹਾ ਅਤੇ ਉਸ ਨੇ ਇਲਾਜ ਚੱਲਣ ਦਾ ਦਿਖਾਵਾ ਕਰਨ ਲਈ ਕਈ ਵਾਰ ਆਪਣੇ ਵਾਲ ਵੀ ਕਟਵਾ ਦਿੱਤੇ ਪਰ ਉਸ ਦੇ ਇੱਕ ਪਰਿਵਾਰਕ ਮੈਂਬਰ ਨੇ ਅਪ੍ਰੈਲ ’ਚ ਅਧਿਕਾਰੀਆਂ ਨੂੰ ਦੱਸਿਆ ਕਿ ਸ਼ੈਲਹੋਰਸ ਝੂਠ ਬੋਲ ਰਹੀ ਸੀ ਅਤੇ ਉਹ ਇਕੱਠੇ ਹੋਏ ਪੈਸੇ ਦੀ ਵਰਤੋਂ ਸ਼ਰਾਬ ਤੇ ਭੰਗ ਖਰੀਦਣ ਲਈ ਕਰ ਰਹੀ ਹੈ। ਇਸ ਸਬੰਧੀ ਕੇਟੀ ਨੇ ਮੁਆਫੀ ਮੰਗਦਿਆਂ ਕਿਹਾ ਹੈ ਕਿ ਪਿਛਲੇ 10 ਮਹੀਨਿਆਂ ਤੋਂ ਕੈਂਸਰ ਹੋਣ ਬਾਰੇ ਝੂਠ ਬੋਲ ਰਹੀ ਹੈ ਅਤੇ ਉਸ ਨੂੰ ਕਦੇ ਕੋਈ ਕੈਂਸਰ ਜਾਂ ਕੋਈ ਇਲਾਜ ਨਹੀਂ ਹੋਇਆ। ਕੇਟੀ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਪਲੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਹ ਇਸ ਔਰਤ ਦਾ ਬਚਾਅ ਨਹੀਂ ਕਰਨਗੇ। ਪੁਲਸ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।