ਅਮਰੀਕਾ : ਫਾਈਜ਼ਰ ਦੇ ਕੋਰੋਨਾ ਰੋਕੂ ਟੀਕੇ ਨੂੰ ਲੈ ਕੇ ਸਿਹਤ ਸੰਸਥਾ ਨੇ ਕੀਤਾ ਇਹ ਐਲਾਨ
Friday, May 21, 2021 - 11:41 AM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਫਾਈਜ਼ਰ-ਬਾਇਓਨਟੈੱਕ ਕੰਪਨੀ ਦੇ ਕੋਵਿਡ-19 ਰੋਕੂ ਟੀਕੇ ਨੂੰ ਇੱਕ ਮਹੀਨੇ ਤੱਕ ਫਰਿੱਜ ਦੇ ਤਾਪਮਾਨ ’ਤੇ ਸਟੋਰ ਕੀਤਾ ਜਾ ਸਕਦਾ ਹੈ। ਇਸ ਮਾਮਲੇ ਬਾਰੇ ਦੇਸ਼ ਦੀ ਇੱਕ ਸਿਹਤ ਸੰਸਥਾ ਨੇ ਬੁੱਧਵਾਰ ਐਲਾਨ ਕੀਤਾ। ਅਮਰੀਕਾ ਦੀ ਫੂਡ ਐਂਡ ਡਰੱਗ (ਐੱਫ. ਡੀ. ਏ.) ਐਡਮਨਿਸਟ੍ਰੇਸ਼ਨ ਨੇ ਜਾਣਕਾਰੀ ਦਿੱਤੀ ਕਿ ਇਹ ਫੈਸਲਾ ਫਾਈਜ਼ਰ ਵੱਲੋਂ ਪੇਸ਼ ਕੀਤੇ ਤਾਜ਼ਾ ਅੰਕੜਿਆਂ ਦੀ ਸਮੀਖਿਆ ਦੇ ਆਧਾਰ ’ਤੇ ਕੀਤਾ ਗਿਆ ਹੈ, ਜਿਸ ਦੇ ਤਹਿਤ ਟੀਕੇ ਦੀਆਂ ਸ਼ੀਸ਼ੀਆਂ ਨੂੰ 2-8 ਡਿਗਰੀ ਸੈਲਸੀਅਸ (35-46 ਡਿਗਰੀ ਫਾਰਨਹੀਟ) ’ਤੇ ਇੱਕ ਮਹੀਨੇ ਲਈ ਫਰਿੱਜ ’ਚ ਸਟੋਰ ਕੀਤਾ ਜਾ ਸਕਦਾ ਹੈ, ਜਦਕਿ ਪਹਿਲਾਂ ਇਨ੍ਹਾਂ ਸ਼ੀਸ਼ੀਆਂ ਨੂੰ ਅਜਿਹੇ ਤਾਪਮਾਨ ’ਤੇ ਸਿਰਫ ਪੰਜ ਦਿਨਾਂ ਲਈ ਰੱਖਣ ਦੀ ਆਗਿਆ ਹੁੰਦੀ ਸੀ।
ਐੱਫ. ਡੀ. ਏ. ਦੇ ਅਧਿਕਾਰੀ ਪੀਟਰ ਮਾਰਕਸ ਅਨੁਸਾਰ ਇਸ ਤਬਦੀਲੀ ਕਰਕੇ ਅਮਰੀਕੀ ਲੋਕਾਂ ਲਈ ਇਹ ਟੀਕਾ ਵੱਡੀ ਪੱਧਰ ’ਤੇ ਉਪਲੱਬਧ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਕਮਿਊਨਿਟੀ ਡਾਕਟਰਾਂ ਦੇ ਦਫ਼ਤਰਾਂ ਨੂੰ ਟੀਕਾ ਪ੍ਰਾਪਤ ਕਰਨ, ਸੰਭਾਲਣ ਆਦਿ ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਯੂਰਪੀਅਨ ਮੈਡੀਸਨਜ਼ ਏਜੰਸੀ ਨੇ ਵੀ ਸੋਮਵਾਰ ਫਾਈਜ਼ਰ ਟੀਕੇ ਨੂੰ ਫਰਿੱਜਾਂ ’ਚ ਇੱਕ ਮਹੀਨੇ ਤੱਕ ਸਟੋਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਐੱਫ. ਡੀ. ਏ. ਨੇ ਫਰਵਰੀ ’ਚ ਟੀਕੇ ਨੂੰ ਸਟੋਰ ਕਰਨ ਦੀਆਂ ਹਾਲਤਾਂ ’ਚ ਪਹਿਲਾਂ ਹੀ ਢਿੱਲ ਦੇ ਦਿੱਤੀ ਸੀ, ਜਿਸ ’ਚ ਟੀਕਿਆਂ ਨੂੰ -80 ਤੋਂ -60 ਡਿਗਰੀ ਸੈਲਸੀਅਸ ਦੇ ਅਲਟਰਾ ਲੋਅ ਫ੍ਰੀਜ਼ਰ ਤਾਪਮਾਨ ਦੀ ਬਜਾਏ, ਫਾਰਮਾਸਿਊਟੀਕਲ ਫ੍ਰੀਜ਼ਰਾਂ ਦੇ ਆਮ ਤਾਪਮਾਨ ’ਚ ਦੋ ਹਫ਼ਤਿਆਂ ਤੱਕ ਰੱਖਣ ਦੀ ਆਗਿਆ ਦਿੱਤੀ ਸੀ।