ਅਮਰੀਕਾ: ਮਿਸੂਰੀ ਸੁਪਰੀਮ ਕੋਰਟ ''ਚ ਕਾਲੇ ਮੂਲ ਦੀ ਪਹਿਲੀ ਔਰਤ ਜੱਜ ਦੀ ਨਿਯੁਕਤੀ
Thursday, May 27, 2021 - 10:00 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਸੂਬੇ ਮਿਸੂਰੀ ਦੀ ਸੁਪਰੀਮ ਕੋਰਟ ਵਿੱਚ ਕਾਲੇ ਮੂਲ ਦੀ ਪਹਿਲੀ ਔਰਤ ਜੱਜ ਦੀ ਨਿਯੁਕਤੀ ਕੀਤੀ ਗਈ ਹੈ। ਸੂਬੇ ਦੇ ਰਿਪਬਲਿਕਨ ਗਵਰਨਿੰਗ ਮਾਈਕ ਪਾਰਸਨ ਨੇ ਸੋਮਵਾਰ ਨੂੰ ਮਿਸੂਰੀ ਪੂਰਬੀ ਜ਼ਿਲ੍ਹਾ ਅਪੀਲ ਕੋਰਟ ਦੀ ਜੱਜ ਰੌਬਿਨ ਰੈਨਸਮ ਨੂੰ ਰਾਜ ਦੀ ਸੁਪਰੀਮ ਕੋਰਟ ਵਿੱਚ ਸੇਵਾ ਕਰਨ ਲਈ ਪਹਿਲੀ ਕਾਲੇ ਮੂਲ ਦੀ ਔਰਤ ਜੱਜ ਵਜੋਂ ਨਿਯੁਕਤ ਕੀਤਾ ਹੈ। ਰੈਨਸਮ, ਜੱਜ ਲੌਰਾ ਡੇਨਵੀਰ ਸਟਿੱਥ ਦੀ ਜਗ੍ਹਾ ਲਵੇਗੀ, ਜੋ ਅਦਾਲਤ ਵਿੱਚ ਨਿਯੁਕਤ ਹੋਈ ਦੂਜੀ ਔਰਤ ਸੀ ਅਤੇ ਮਾਰਚ ਵਿੱਚ ਰਿਟਾਇਰ ਹੋਈ ਸੀ।
ਉਸਦੀ ਨਿਯੁਕਤੀ ਖਾਸ ਤੌਰ 'ਤੇ ਇੱਕ ਅਜਿਹੇ ਸੂਬੇ ਵਿੱਚ ਹੋਈ ਹੈ ਜੋ 2014 ਵਿੱਚ ਇੱਕ ਗੋਰੇ ਪੁਲਿਸ ਅਧਿਕਾਰੀ ਦੁਆਰਾ ਨਿਹੱਥੇ, ਕਾਲੇ ਮੂਲ ਦੇ 18 ਸਾਲਾ ਮਾਈਕਲ ਬਰਾਊਨ ਦੀ ਸ਼ੂਟਿੰਗ ਲਈ ਅੰਤਰਰਾਸ਼ਟਰੀ ਪੱਧਰ 'ਤੇ ਜਾਣਿਆ ਜਾਂਦਾ ਹੈ।ਇਸ ਸੂਬੇ ਵਿੱਚ ਕਾਲੇ ਭਾਈਚਾਰੇ ਦੇ ਲੋਕ ਪੁਲਸ ਅਤੇ ਕੋਰਟਾਂ ਵਿੱਚ ਨਿਰਪੱਖ ਵਿਵਹਾਰ ਦੀ ਮੰਗ ਕਰਦੇ ਹਨ। ਰੈਨਸਮ ਉੱਤਰੀ ਸੇਂਟ ਲੂਇਸ, ਜੋ ਕਿ ਫਰਗੂਸਨ ਨੇੜੇ ਹੈ ਦੇ ਵਿੱਚ ਵੱਡੀ ਹੋਈ ਹੈ ਅਤੇ ਉਸਦੇ ਪਿਤਾ ਇੱਕ ਫਾਇਰ ਸਟੇਸ਼ਨ ਤੇ ਕੰਮ ਕਰਦੇ ਸਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਗੋਲੀਬਾਰੀ 'ਚ ਪੰਜਾਬੀ ਮੂਲ ਦੇ ਤਪਦੇਜ ਸਿੰਘ ਦੀ ਮੌਤ
ਇਸ ਤੋਂ ਪਹਿਲਾਂ ਸਾਬਕਾ ਰਿਪਬਲਿਕਨ ਗਵਰਨਰ ਮੈਟ ਬਲੰਟ ਨੇ ਪਹਿਲਾਂ ਰੈਨਸਮ ਨੂੰ ਸੇਂਟ ਲੂਇਸ ਕਾਉਂਟੀ ਸਰਕਟ ਜੱਜ ਵਜੋਂ ਸੇਵਾ ਕਰਨ ਲਈ ਸਾਲ 2008 ਵਿੱਚ ਨਿਯੁਕਤ ਕੀਤਾ ਸੀ ਅਤੇ ਉਹ ਸੁਪਰੀਮ ਕੋਰਟ ਦੀਆਂ ਅਸਾਮੀਆਂ ਲਈ 25 ਬਿਨੈਕਾਰਾਂ ਵਿਚੋਂ ਇੱਕ ਸੀ। ਮਿਸੂਰੀ ਵਿੱਚ, ਵਕੀਲਾਂ, ਨਾਗਰਿਕਾਂ ਅਤੇ ਚੀਫ਼ ਜਸਟਿਸ ਦਾ ਇੱਕ ਪੈਨਲ ਸੁਪਰੀਮ ਕੋਰਟ ਦੇ ਬਿਨੈਕਾਰਾਂ ਦੀ ਸਮੀਖਿਆ ਕਰਦਾ ਹੈ, ਉਸਦੇ ਬਾਅਦ ਤਿੰਨ ਅੰਤਿਮ ਉਮੀਦਵਾਰਾਂ ਨੂੰ ਗਵਰਨਰ ਕੋਲ ਚੋਣ ਲਈ ਭੇਜਿਆ ਜਾਂਦਾ ਹੈ ਅਤੇ ਅਮਰੀਕੀ ਸੁਪਰੀਮ ਕੋਰਟ ਦੇ ਨਾਮਜ਼ਦ ਉਮੀਦਵਾਰਾਂ ਦੇ ਉਲਟ, ਰੈਨਸਮ ਦੀ ਨਿਯੁਕਤੀ ਨੂੰ ਸੂਬਾ ਸੈਨੇਟ ਦੀ ਪੁਸ਼ਟੀ ਦੀ ਜ਼ਰੂਰਤ ਨਹੀਂ ਹੈ।