ਰਿਪੋਰਟ ''ਚ ਖੁਲਾਸਾ, ਪਰਮਾਣੂ ਹਥਿਆਰਾਂ ਦੀ ਗਿਣਤੀ ਦੁੱਗਣੀ ਕਰ ਰਿਹਾ ਹੈ ਚੀਨ

Wednesday, Sep 02, 2020 - 06:25 PM (IST)

ਰਿਪੋਰਟ ''ਚ ਖੁਲਾਸਾ, ਪਰਮਾਣੂ ਹਥਿਆਰਾਂ ਦੀ ਗਿਣਤੀ ਦੁੱਗਣੀ ਕਰ ਰਿਹਾ ਹੈ ਚੀਨ

ਵਾਸ਼ਿੰਗਟਨ (ਬਿਊਰੋ): ਚੀਨ ਨੇ ਆਪਣੇ ਪਰਮਾਣੂ ਹਥਿਆਰਾਂ ਦੇ ਭੰਡਾਰ ਨੂੰ ਦੁੱਗਣਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹੀ ਨਹੀਂ ਇਹ ਦੂਜੇ ਦੇਸ਼ਾਂ ਵਿਚ ਆਪਣੇ ਮਿਲਟਰੀ ਠਿਕਾਣੇ ਵੀ ਵਧਾ ਰਿਹਾ ਹੈ, ਜਿੱਥੋਂ ਦੀ ਅਮਰੀਕਾ ਨੂੰ ਨਿਸ਼ਾਨਾ ਬਣਾਇਆ ਜਾ ਸਕੇ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਚੀਨੀ ਫੌਜ ਦੀ ਸਲਾਲਾ ਰਿਪੋਰਟ ਵਿਚ ਇਸ ਗੱਲ ਦਾਖਦਸ਼ਾ ਜ਼ਾਹਰ ਕੀਤਾ ਹੈ ਕਿ ਚੀਨ ਗਲੋਬਲ ਸੁਪਰ ਪਾਵਰ ਬਣਨ ਲਈ ਅਜਿਹਾ ਕਰ ਰਿਹਾ ਹੈ। ਪੇਂਟਾਗਨ ਦੀ ਇਹ ਰਿਪੋਰਟ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਪੂਰਬੀ ਲੱਦਾਖ ਦੇ ਪੇਂਗੋਗ ਇਲਾਕੇ ਵਿਚ ਝੜਪ ਦੇ ਨਾਲ ਭਾਰਤ ਨਾਲ ਉਸ ਦਾ ਮਿਲਟਰੀ ਤਣਾਅ ਇਕ ਵਾਰ ਫਿਰ ਵੱਧ ਗਿਆ ਹੈ। ਅਮਰੀਕਾ ਵੀ ਭਾਰਤ ਦੀ ਸਰਹੱਦ 'ਤੇ ਚੀਨੀ ਹਰਕਤਾਂ ਨੂੰ ਬਰੀਕੀ ਨਾਲ ਪਰਖ ਰਿਹਾ ਹੈ।

ਭਾਰਤ ਦੇ ਗੁਆਂਢੀ ਦੇਸ਼ਾਂ 'ਤੇ ਨਜ਼ਰ
ਫਿਲਹਾਲ, ਪੇਂਟਾਗਨ ਨੇ ਆਪਣੀ ਸਾਲਾਨਾ ਰਿਪੋਰਟ ਚੀਨ ਦੀ ਮਿਲਟਰੀ ਅਤੇ ਸੁਰੱਖਿਆ ਗਤੀਵਿਧੀਆਂ ਵਿਚ ਕਿਹਾ ਹੈਕਿ ਭਾਰਤ ਦੇ ਤਿੰਨ ਗੁਆਂਢੀ ਦੇਸ਼ਾਂ ਸਮੇਤ ਕਰੀਬ ਇਕ ਦਰਜਨ ਦੇਸ਼ਾਂ ਵਿਚ ਚੀਨ ਮਜ਼ਬੂਤ ਠਿਕਾਣਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਜੋ ਉਹ ਲੰਬੀ ਦੂਰੀ ਨਾਲ ਵੀ ਆਪਣਾ ਮਿਲਟਰੀ ਦਬਦਬਾ ਬਣਾਈ ਰੱਖ ਸਕੇ। ਇਹ ਰਿਪੋਰਟ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਨੂੰ ਸੌਂਪ ਦਿੱਤੀ ਗਈ। ਰਿਪੋਰਟ ਦੇ ਮੁਤਾਬਕ, ਭਾਰਤ ਦੇ ਤਿੰਨ ਗੁਆਂਢੀ ਦੇਸ਼ਾਂ-ਪਾਕਿਸਤਾਨ, ਸ਼੍ਰੀਲੰਕਾ ਅਤੇ ਮਿਆਂਮਾਰ ਦੇ ਇਲਾਵਾ ਚੀਨ, ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ, ਸੰਯੁਕਤ ਅਰਬ ਅਮੀਰਾਤ, ਕੀਨੀਆ, ਸੇਸ਼ਲਜ, ਤੰਜਾਨੀਆ, ਅੰਗੋਲਾ ਅਤੇ ਤਜਾਕਿਸਤਾਨ ਵਿਚ ਆਪਣੇ ਠਿਕਾਣੇ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ।

ਅਮਰੀਕਾ ਖਿਲਾਫ਼ ਕਾਰਵਾਈ ਵਿਚ ਸਮਰਥਨ
ਪੇਂਟਾਗਨ ਨੇ ਕਿਹਾ ਕਿ ਇਹ ਸੰਭਾਵਿਤ ਚੀਨੀ ਠਿਕਾਣੇ ਜਿਬੂਤੀ ਵਿਚ ਚੀਨੀ ਮਿਲਟਰੀ ਅੱਡੇ ਦੇ ਇਲਾਵਾ ਹਨ। ਜਿਹਨਾਂ ਦਾ ਉਦੇਸ਼ ਨੇਵੀ, ਹਵਾਈ ਫੌਜ ਅਤੇ ਜ਼ਮੀਨੀ ਬਲ ਦੇ ਕੰਮਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਹੈ। ਪੇਂਟਾਗਨ ਨੇ ਰਿਪੋਰਟ ਵਿਚ ਕਿਹਾ,''ਦੁਨੀਆ ਭਰ ਵਿਚ ਪੀ.ਐੱਲ.ਏ. (ਪੀਪਲਜ਼ ਲਿਬਰੇਸ਼ਨ ਆਰਮੀ) ਦੇ ਮਿਲਟਰੀ ਅੱਡਿਆਂ ਦਾ ਨੈੱਟਵਰਕ ਅਮਰੀਕੀ ਮਿਲਟਰੀ ਆਪਰੇਸ਼ਨਾਂ ਵਿਚ ਦਖਲ ਅੰਦਾਜ਼ੀ ਕਰ ਸਕਦਾ ਹੈ ਅਤੇ ਚੀਨ ਦੇ ਗਲੋਬਲ ਮਿਲਟਰੀ ਉਦੇਸ਼ਾਂ ਦੇ ਤਹਿਤ ਅਮਰੀਕਾ ਦੇ ਖਿਲਾਫ਼ ਹਮਲਾਵਰ ਆਪਰੇਸ਼ਨਾਂ ਦਾ ਸਮਰਥਨ ਕਰ ਸਕਦਾ ਹੈ।''

10 ਸਾਲ ਵਿਚ ਕਰ ਲਵੇਗਾ ਦੁੱਗਣਾ
ਪੀ.ਐੱਲ.ਏ. ਦੇ ਕੋਲ ਹਾਲੇ ਕਰੀਬ 200 ਹਥਿਆਰ ਹਨ। ਪਰ ਆਉਣ ਵਾਲੇ ਸਮੇਂ ਵਿਚ ਜ਼ਮੀਨ, ਪਣਡੁੱਬੀਆਂ ਅਤੇ ਹਵਾਈ ਬੰਬਾਰ ਨਾਲ ਦਾਗੀਆਂ ਜਾਣ ਵਾਲੀਆ ਮਿਜ਼ਾਈਲਾਂ ਦੇ ਭੰਡਾਰ ਵਿਚ ਉਹ ਵਾਧਾ ਕਰ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਗਲੇ 10 ਸਾਲਾਂ ਵਿਚ ਚੀਨ ਆਪਣੀ ਪਰਮਾਣੂ ਤਾਕਤ ਦਾ ਵਿਸਥਾਰ ਕਰੇਗਾ ਅਤੇ ਆਪਣੇ ਹਥਿਆਰਾਂ ਨੂੰ ਕਰੀਬ ਦੁੱਗਣਾ ਕਰ ਲਵੇਗਾ।


author

Vandana

Content Editor

Related News