ਅਮਰੀਕਾ ''ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

Saturday, May 08, 2021 - 09:20 AM (IST)

ਅਮਰੀਕਾ ''ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿਖੇ ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਜਰਨੈਲ ਸਿੰਘ (38) ਦੀ ਪਿਛਲੇ ਦਿਨੀਂ ਅਚਾਨਕ ਹਾਰਟ ਅਟੈਕ ਨਾਲ ਮੌਤ ਹੋ ਗਈ। ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਜਰਨੈਲ ਸਿੰਘ ਤਕਰੀਬਨ ਪੰਜ ਕੁ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਅਮਰੀਕਾ ਆਇਆ ਸੀ। 

ਉਹ ਇੱਥੇ ਰਾਣੀ ਟਰਾਂਸਪੋਰਟ ਲਈ ਡਰਾਈਵਰ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਰਾਣੀ ਟਰਾਂਸਪੋਰਟ ਦੇ ਮਾਲਕ ਸਤਨਾਮ ਸਿੰਘ ਪ੍ਰਧਾਨ ਨੇ ਦੱਸਿਆ ਕਿ ਜਰਨੈਲ ਸਿੰਘ ਬਹੁਤ ਮਿਹਨਤੀ ਤੇ ਇਮਾਨਦਾਰ ਇਨਸਾਨ ਸੀ, ਉਸਦਾ ਪਿਛਲਾ ਪਿੰਡ ਅਲਮਾਂ ਜ਼ਿਲ੍ਹਾ ਗੁਰਦਾਸਪੁਰ ਨੇੜੇ ਤਪਾ ਪੈਂਦਾ। ਉਹ ਆਪਣੇ ਪਿੱਛੇ ਪਤਨੀ, ਧੀ, ਮਾਤਾ ਅਤੇ ਭਰਾ ਛੱਡ ਗਏ ਹਨ, ਜਿਹੜੇ ਕਿ ਸਾਰੇ ਪੰਜਾਬ ਹੀ ਰਹਿੰਦੇ ਹਨ। 

ਸਤਨਾਮ ਸਿੰਘ ਨੇ ਦੱਸਿਆ ਕਿ ਸਾਲ ਕੁ ਪਹਿਲਾਂ ਇਹਨਾਂ ਦੇ ਫਾਦਰ ਸਾਬ੍ਹ ਵੀ ਚੜ੍ਹਾਈ ਕਰ ਗਏ ਸਨ ਅਤੇ ਹੁਣ ਇਹ ਭਾਣਾ ਵਰਤ ਗਿਆ। ਸਵ. ਜਰਨੈਲ ਸਿੰਘ ਦੀ ਮ੍ਰਿਤਕ ਦੇਹ ਪੰਜਾਬ ਭੇਜਣੀ ਹੈ ਅਤੇ ਇਸ ਕਾਰਜ ਲਈ Go Fund ਸ਼ੁਰੂ ਕੀਤਾ ਗਿਆ ਹੈ।  ਸਾਰਿਆਂ ਨੂੰ ਬੇਨਤੀ ਹੈ ਕਿ ਦਸਾਂ ਨਹੂੰਆਂ ਦੀ ਕਿਰਤ ਕਮਾਈ ਵਿੱਚੋਂ ਜ਼ਰੂਰ ਮਦਦ ਕਰਿਓ। ਇਸ ਖ਼ਬਰ ਨਾਲ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਸੋਗ ਦੇ ਆਲਮ ਵਿੱਚ ਡੁੱਬਿਆ ਹੋਇਆ ਹੈ।

ਨੋਟ- ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News