ਅਮਰੀਕਾ : ਨਿਊਯਾਰਕ ’ਚ ਨਕਾਬਪੋਸ਼ ਹਮਲਾਵਰਾਂ ਨੇ 10 ਲੋਕਾਂ ’ਤੇ ਕੀਤੀ ਗੋਲੀਬਾਰੀ
Monday, Aug 02, 2021 - 08:58 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਆਏ ਦਿਨ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿਨ੍ਹਾਂ ’ਚ ਬੇਕਸੂਰ ਲੋਕ ਸ਼ਿਕਾਰ ਬਣਦੇ ਹਨ। ਅਜਿਹੀ ਹੀ ਇੱਕ ਗੋਲੀਬਾਰੀ ਸ਼ਨੀਵਾਰ ਨੂੰ ਨਿਊਯਾਰਕ ਖੇਤਰ ਵਿੱਚ ਕੀਤੀ ਗਈ ਹੈ। ਨਿਊਯਾਰਕ ਪੁਲਸ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੋਲੀਬਾਰੀ ਦੋ ਨਕਾਬਪੋਸ਼ ਹਮਲਾਵਰਾਂ ਨੇ ਸ਼ਨੀਵਾਰ ਰਾਤ ਨੂੰ ਨਿਊਯਾਰਕ ਸਿਟੀ ਦੇ ਨੇੜਲੇ ਇਲਾਕੇ ਦੀ ਭੀੜ ਭਰੀ ਸੜਕ ’ਤੇ ਕੀਤੀ। ਇਸ ਗੋਲੀਬਾਰੀ ਨਾਲ 10 ਲੋਕਾਂ ਨੂੰ ਜ਼ਖ਼ਮੀ ਕਰਕੇ ਹਮਲਾਵਰ ਇੱਕ ਮੋਪੇਡ ’ਤੇ ਫਰਾਰ ਹੋ ਗਏ।
ਨਿਊਯਾਰਕ ਪੁਲਸ ਅਨੁਸਾਰ ਇਹ ਘਟਨਾ ਕਿਸੇ ਗੈਂਗ ਦੀ ਹਿੰਸਾ ਨਾਲ ਜੁੜੀ ਹੋਈ ਜਾਪਦੀ ਹੈ ਪਰ ਇਸ ਗੋਲੀਬਾਰੀ ਦੇ 7 ਪੀੜਤ ਨਿਰਦੋਸ਼ ਸਨ, ਜਿਨ੍ਹਾਂ ’ਚ ਇੱਕ 72 ਸਾਲਾ ਬਜ਼ੁਰਗ ਵੀ ਸ਼ਾਮਲ ਹੈ। ਇਹ ਗੋਲੀਬਾਰੀ ਸ਼ਨੀਵਾਰ ਰਾਤ ਨੂੰ ਕਰੀਬ 10:38 ਵਜੇ ਸ਼ਹਿਰ ਦੇ ਕੁਈਨਜ਼ ਬੋਰੋ ’ਚ ਇੱਕ ਬਾਰਬਰ ਸ਼ਾਪ ਅਤੇ ਇੱਕ ਰੈਸਟੋਰੈਂਟ ਦੇ ਬਾਹਰ ਵਾਪਰੀ। ਇਸ ਘਟਨਾ ਨਾਲ ਸਬੰਧਿਤ ਇੱਕ ਸੀ. ਸੀ. ਟੀ. ਵੀ. ਫੁਟੇਜ ’ਚ ਦੋ ਮਾਸਕ ਪਹਿਨੀ ਆਦਮੀ ਕੁਈਨਜ਼ ਦੀ 97ਵੀਂ ਸਟ੍ਰੀਟ ਕੋਲ 37ਵੇਂ ਐਵੇਨਿਊ ’ਤੇ ਪੂਰਬ ਵੱਲ ਤੁਰਦੇ ਹੋਏ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ। ਘਟਨਾ ਸਥਾਨ ’ਤੇ ਘੱਟੋ-ਘੱਟ 37 ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ, ਜਦਕਿ ਪੁਲਸ ਹੋਰ ਸਬੂਤਾਂ ਲਈ ਅਪਰਾਧ ਵਾਲੀ ਥਾਂ ’ਤੇ ਜਾਂਚ ਕਰ ਰਹੀ ਹੈ। ਇਸ ਗੋਲੀਬਾਰੀ ਦੇ ਤਿੰਨ ਲੋਕ ਟ੍ਰਿਨੀਟੇਰੀਓਸ ਸਟ੍ਰੀਟ ਗੈਂਗ ਦੇ ਮੈਂਬਰ ਹਨ ਅਤੇ ਮੰਨਿਆ ਜਾਂਦਾ ਹੈ ਕਿ ਉਹ ਇਸ ਗੋਲੀਬਾਰੀ ਦਾ ਨਿਸ਼ਾਨਾ ਸਨ।