ਇਸ ਖਾਸ ਮੌਕੇ ਟਰੰਪ ਦੁਨੀਆ ਨੂੰ ਦਿਖਾਉਣਗੇ ਦੇਸ਼ ਦੀ ਮਿਲਟਰੀ ਤਾਕਤ
Tuesday, Jul 02, 2019 - 05:50 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 4 ਜੁਲਾਈ (ਅਮਰੀਕਾ ਡੇਅ) ਨੂੰ ਦੁਨੀਆ ਨੂੰ ਆਪਣੇ ਦੇਸ਼ ਦੀ ਮਿਲਟਰੀ ਤਾਕਤ ਦਿਖਾਉਣਾ ਚਾਹੁੰਦੇ ਹਨ। ਅਮਰੀਕਾ ਇਸ ਦਿਨ ਆਪਣਾ ਆਜ਼ਾਦੀ ਦਿਹਾੜਾ ਮਨਾਉਂਦਾ ਹੈ। ਟਰੰਪ ਨੇ ਰੱਖਿਆ ਮੰਤਰਾਲੇ ਪੇਂਟਾਗਨ ਨੂੰ ਕਿਹਾ ਹੈ ਕਿ ਵੀਰਵਾਰ ਨੂੰ ਰਾਜਧਾਨੀ ਵਾਸ਼ਿੰਗਟਨ ਵਿਚ ਸਲਾਮੀ ਪਰੇਡ ਵਿਚ ਫੌਜ ਦੇ ਟੈਂਕ ਪ੍ਰਦਰਸ਼ਿਤ ਕੀਤੇ ਜਾਣ। ਦੇਸ਼ ਦੀ ਹਵਾਈ ਤਾਕਤ ਦਿਖਾਉਣ ਲਈ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਵੇ।
ਇਸ ਮੌਕੇ ਟਰੰਪ ਵੀਰਵਾਰ ਸ਼ਾਮ ਲਿੰਕਨ ਮੈਮੋਰੀਅਲ ਦੀਆਂ ਪੌੜੀਆਂ ਵਿਚ ਖੜ੍ਹੇ ਹੋ ਕੇ ਭਾਸ਼ਣ ਦੇਣਗੇ। ਉਹ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹੋਣਗੇ ਜੋ ਆਜ਼ਾਦੀ ਦਿਹਾੜੇ ਸਮਾਰੋਹ ਵਿਚ ਸ਼ਾਮਲ ਹੋਣਗੇ। ਇਸ ਮੌਕੇ ਟਰੰਪ ਨੇ ਆਤਿਸ਼ਬਾਜ਼ੀ ਕਰਨ ਲਈ ਵੀ ਕਿਹਾ ਹੈ। ਉਨ੍ਹਾਂ ਨੇ ਫੌਜ, ਜਲ ਸੈਨਾ, ਹਵਾਈ ਸ਼ੈਨਾ ਅਤੇ ਤੱਟ ਰੱਖਿਅਕ ਬਲਾਂ ਦੇ ਪ੍ਰਮੁੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਇਸ ਖਾਸ ਮੌਕੇ ਉਨ੍ਹਾਂ ਨਾਲ ਮੌਜੂਦ ਰਹਿਣ।
ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਸੋਮਵਾਰ ਨੂੰ ਟਰੰਪ ਨੇ ਕਿਹਾ,''ਇਹ ਅਮਰੀਕਾ ਡੇਅ ਬਹੁਤ ਖਾਸ ਹੋਵੇਗਾ। ਮੈਂ ਆਸ ਕਰਦਾ ਹਾਂ ਕਿ ਵੱਡੀ ਗਿਣਤੀ ਵਿਚ ਲੋਕ ਆਉਣਗੇ। ਪ੍ਰਦਰਸ਼ਿਤ ਕਰਨ ਲਈ ਸਾਡੇ ਕੋਲ ਕੁਝ ਨਵੇਂ ਵਿਲੱਖਣ ਫੌਜੀ ਉਪਕਰਣ ਹਨ। ਸਾਨੂੰ ਉਨ੍ਹਾਂ 'ਤੇ ਮਾਣ ਹੈ।'' ਟਰੰਪ ਦੇ ਦਿਮਾਗ ਵਿਚ ਮਿਲਟਰੀ ਪਰੇਡ ਦਾ ਖਿਆਲ ਸਾਲ 2017 ਵਿਚ ਫਰਾਂਸ ਦੇ ਰਾਸ਼ਟਰੀ ਦਿਵਨ ਬਾਸਤੀਲ ਡੇਅ ਵਿਚ ਸ਼ਾਮਲ ਹੋਣ ਦੌਰਾਨ ਆਇਆ ਸੀ। ਇਸ ਮੌਕੇ ਫਰਾਂਸ ਆਪਣੀ ਮਿਲਟਰੀ ਸਮਰੱਥਾ ਦਾ ਪ੍ਰਦਰਸ਼ਨ ਕਰਦਾ ਹੈ। ਉਦੋਂ ਟਰੰਪ ਨੇ ਕਿਹਾ ਸੀ,''ਅਸੀਂ ਵੀ 4 ਜੁਲਾਈ ਨੂੰ ਵਾਸ਼ਿੰਗਟਨ ਦੇ ਪੈੱਨਸਿਲਵੇਨੀਆ ਐਵੀਨਿਊ ਵਿਚ ਅਜਿਹਾ ਹੀ ਕੁਝ ਕਰਾਂਗੇ।'' ਇਸ ਮਗਰੋਂ ਉਨ੍ਹਾਂ ਨੇ ਮਿਲਟਰੀ ਪਰੇਡ ਦੀ ਵਕਾਲਤ ਕੀਤੀ ਸੀ ਪਰ ਅਧਿਕਾਰੀਆਂ ਦੇ ਵਿਰੋਧ ਅਤੇ ਪਰੇਡ 'ਤੇ 9 ਕਰੋੜ ਡਾਲਰ ਦਾ ਖਰਚ ਆਉਣ ਕਾਰਨ ਉਨ੍ਹਾਂ ਨੇ ਇਸ ਖਿਆਲ ਨੂੰ ਛੱਡ ਦਿੱਤਾ ਸੀ।
ਇੱਥੇ ਦੱਸਣਯੋਗ ਹੈ ਕਿ ਅਮਰੀਕਾ ਵਿਚ ਮਿਲਟਰੀ ਪਰੇਡ ਖਾੜੀ ਯੁੱਧ ਖਤਮ ਹੋਣ ਦੇ ਬਾਅਦ ਹੋਈ ਸੀ। ਇਸ ਦਾ ਆਯੋਜਨ ਜੂਨ 1991 ਵਿਚ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਚ ਕੀਤਾ ਗਿਆ ਸੀ। ਇਸ ਵਾਰ ਦੀ ਪਰੇਡ ਵਿਚ ਨਵੀਨਤਮ ਅਬਰਾਮ ਅਤੇ ਸ਼ਰਮਨ ਟੈਂਕ ਪ੍ਰਦਰਿਸ਼ਤ ਕੀਤੇ ਜਾਣ ਦੀ ਆਸ ਹੈ। ਐੱਮ1 ਅਬਰਾਮ ਟੈਂਕ ਦੀ ਵਰਤੋਂ ਖਾੜੀ ਯੁੱਧ ਦੌਰਾਨ ਹੋਈ ਸੀ। ਅਮਰੀਕੀ ਫੌਜ ਇਸ ਟੈਂਕ ਦੀ ਵਰਤੋਂ ਹਾਲੇ ਵੀ ਕਰ ਰਹੀ ਹੈ। ਐੱਮ4 ਸ਼ਰਮਨ ਟੈਂਕ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਅਤੇ ਕੋਰੀਆ ਯੁੱਧ ਦੌਰਾਨ ਕੀਤੀ ਗਈ ਸੀ।