ਅਮਰੀਕਾ ਦੀ ਈਰਾਨ ਨੂੰ ਧਮਕੀ, ਰੂਸ ਤੇ ਸਾਊਦੀ ਵੀ ਹੋਏ ਪੱਬਾਂ ਭਾਰ

06/21/2019 11:37:30 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵੱਲੋਂ ਈਰਾਨ ਨੂੰ ਧਮਕੀ ਦੇਣ ਦੇ ਬਾਅਦ ਹੁਣ ਯੁੱਧ ਦਾ ਖਤਰਾ ਮੰਡਰਾਉਣ ਲੱਗਾ ਹੈ। ਅਜਿਹੇ ਵਿਚ ਦੁਨੀਆ ਦੇ ਕਈ ਦੇਸ਼ ਖੁੱਲ੍ਹ ਕੇ ਅਮਰੀਕਾ ਦੇ ਨਾਲ ਜਾਂ ਵਿਰੋਧ ਵਿਚ ਆ ਗਏ ਹਨ। ਰੂਸ ਨੇ ਚਿਤਾਵਨੀ ਦਿੱਤੀ ਹੈ,''ਜੇਕਰ ਇਰਾਨ ਵਿਰੁੱਧ ਅਮਰੀਕਾ ਨੇ ਹਮਲਾ ਕੀਤਾ ਤਾਂ ਭਾਰੀ ਤਬਾਹੀ ਹੋਵੇਗੀ।'' ਉੱਥੇ ਸਾਊਦੀ ਅਰਬ ਨੇ ਅਮਰੀਕਾ ਦਾ ਸਾਥ ਦਿੰਦਿਆਂ ਕਿਹਾ,''ਈਰਾਨ ਨੇ ਗਲਫ ਵਿਚ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ।'' ਇੱਥੇ ਦੱਸ ਦਈਏ ਕਿ ਵੀਰਵਾਰ ਨੂੰ ਈਰਾਨ ਨੇ ਅਮਰੀਕਾ ਦਾ ਇਕ ਸ਼ਕਤੀਸ਼ਾਲੀ ਡਰੋਨ ਨਸ਼ਟ ਕਰ ਦਿੱਤਾ ਸੀ ਜਿਸ ਮਗਰੋਂ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ।

ਈਰਾਨ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਡਰੋਨ ਉਸ ਦੇ ਹਵਾਈ ਖੇਤਰ ਵਿਚ ਦਾਖਲ ਹੋਇਆ ਸੀ ਜਦਕਿ ਪੇਂਟਾਗਨ ਦਾ ਕਹਿਣਾ ਹੈ ਕਿ ਇਹ ਘਟਨਾ ਅੰਤਰਰਾਸ਼ਟਰੀ ਹਵਾਈ ਖੇਤਰ ਵਿਚ ਵਾਪਰੀ। ਇਸ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਖਤ ਲਹਿਜੇ ਵਿਚ ਕਿਹਾ ਹੈ,''ਈਰਾਨ ਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੈ।''

ਪੁਤਿਨ ਨੇ ਦਿੱਤੀ ਅਮਰੀਕਾ ਨੂੰ ਚਿਤਾਵਨੀ
ਮੇਲ ਆਨਲਾਈਨ ਦੀ ਰਿਪੋਰਟ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਈਰਾਨ 'ਤੇ ਹਮਲੇ ਨਾਲ ਭਾਰੀ ਤਬਾਹੀ ਹੋਵੇਗੀ। ਅਮਰੀਕਾ ਵੱਲੋਂ ਕਿਸੇ ਵੀ ਤਰ੍ਹਾਂ ਦੇ ਦਬਾਅ ਦੀ ਵਰਤੋਂ ਖੇਤਰ ਵਿਚ ਹਿੰਸਾ ਨੂੰ ਵਧਾਏਗੀ ਜਿਸ ਦੇ ਨੁਕਸਾਨ ਨੂੰ ਪੂਰਾ ਕਰ ਪਾਉਣਾ ਕਾਫੀ ਮੁਸ਼ਕਲ ਹੋਵੇਗਾ। ਜ਼ਿਕਰਯੋਗ ਹੈ ਕਿ ਪੁਤਿਨ ਤੇਹਰਾਨ ਸਰਕਾਰ ਦੇ ਕਰੀਬੀ ਹਨ। ਉੱਧਰ ਅਮਰੀਕਾ ਨੇ ਈਰਾਨ ਦੀ ਕਾਰਵਾਈ ਨੂੰ ਬਿਨਾਂ ਵਜ੍ਹਾ ਹਮਲਾ ਕਰਾਰ ਦਿੱਤਾ ਹੈ।

ਸਾਊਦੀ ਨੇ ਵੀ ਦਿੱਤੀ ਚਿਤਾਵਨੀ
ਰੂਸ ਦੇ ਅੱਗੇ ਆਉਣ ਦੇ ਬਾਅਦ ਅਮਰੀਕਾ ਦਾ ਪ੍ਰਮੁੱਖ ਸਹਿਯੋਗੀ ਸਾਊਦੀ ਅਰਬ ਵੀ ਇਸ ਮਾਮਲੇ ਵਿਚ ਕੁੱਦ ਪਿਆ ਹੈ। ਸਾਊਦੀ ਨੇ ਗਲਫ ਦੇ ਹਾਲਾਤ ਨੂੰ ਵਿਗਾੜਨ ਲਈ ਸਿੱਧੇ ਤੌਰ 'ਤੇ ਈਰਾਨ ਦੇ ਹਮਲਾਵਰ ਰਵੱਈਏ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਾਊਦੀ ਨੇ ਕਿਹਾ ਹੈ ਕਿ ਉਹ ਇਸ ਬਾਰੇ ਵਿਚ ਸਲਾਹ ਕਰ ਰਿਹਾ ਕਿ ਅੱਗੇ ਕਿਹੜਾ ਕਦਮ ਚੁੱਕੇ। ਸਾਊਦੀ ਦੇ ਵਿਦੇਸ਼ ਮੰਤਰੀ ਅਦੇਲ ਅਲ-ਜ਼ੁਬੇਰ ਨੇ ਚਿਤਾਵਨੀ ਦਿੱਤੀ ਕਿ ਹਾਰਮੂਜ ਜਲਡਮਰੂਮੱਧ ਦੇ ਕਰੀਬ ਤੇਲ ਟੈਂਕਰਾਂ 'ਤੇ ਹਮਲੇ ਨੇ ਗਲੋਬਲ ਸਥਿਰਤਾ 'ਤੇ ਹਮਲਾ ਕੀਤਾ ਹੈ। ਇੱਥੇ ਦੱਸ ਦਈਏ ਕਿ ਇਸ ਰਸਤੇ ਦੁਨੀਆ ਦੀ ਤੇਲ ਸਪਲਾਈ ਦਾ 5ਵਾਂ ਹਿੱਸਾ ਜਹਾਜ਼ਾਂ ਵਿਚੋਂ ਹੋ ਕੇ ਲੰਘਦਾ ਹੈ।


Vandana

Content Editor

Related News