ਅਮਰੀਕਾ : ਫਰਿਜ਼ਨੋ ਦੀ ਚਰਚ ਨੇ ਸਮਰ ਕੈਂਪ ’ਚ ਨੌਜਵਾਨਾਂ ਦੀਆਂ ਗਤੀਵਿਧੀਆਂ ਕੀਤੀਆਂ ਰੱਦ
Friday, Jul 30, 2021 - 11:42 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜ਼ਨੋ ਦੀ ਇੱਕ ਚਰਚ, ਜਿਸ ਨੇ ਪਿਛਲੇ ਹਫਤੇ ਸੈਂਕੜੇ ਬੱਚਿਆਂ ਨੂੰ ਇੱਕ ਸਮਰ ਕੈਂਪ ਲਈ ਭੇਜਿਆ ਸੀ, ਨੇ ਚਰਚ ਵਿਚਲੀਆਂ ਨੌਜਵਾਨਾਂ ਦੀਆਂ ਗਤੀਵਿਧੀਆਂ ਨੂੰ ਰੱਦ ਕਰ ਦਿੱਤਾ ਹੈ। ਕੈਂਪ ’ਚ ਹਾਜ਼ਰ ਕੁਝ ਲੋਕਾਂ ਨੂੰ ਕੋਵਿਡ-19 ਦੇ ਸੰਪਰਕ ’ਚ ਆਉਣ ਤੋਂ ਬਾਅਦ ਜਲਦੀ ਘਰ ਭੇਜਿਆ ਗਿਆ ਹੈ। ਉੱਤਰੀ ਫਰਿਜ਼ਨੋ ਤੇ ਕਲੋਵਿਸ ਵਿਚਲੀ ‘ਦਿ ਵਾਲ ਕਮਿਊਨਿਟੀ ਚਰਚ’ ਦੇ ਮੁੱਖ ਪਾਦਰੀ ਬ੍ਰੈਡ ਬੈੱਲ ਨੇ ਜਾਣਕਾਰੀ ਦਿੱਤੀ ਕਿ ਚਰਚ ਦੇ 450 ਤੋਂ ਵੱਧ ਲੋਕ, ਜਿਨ੍ਹਾਂ ’ਚ ਬਾਲਗਾਂ ਨਾਲ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਸ਼ਾਮਲ ਸਨ, ਜੋ ਪੂਰਬੀ ਫਰਿਜ਼ਨੋ ਕਾਊਂਟੀ ਦੇ ਹਿਊਮ ਲੇਕ ਕ੍ਰਿਸ਼ਚੀਅਨ ਕੈਂਪ ਵਿਖੇ ਇੱਕ ਹਫਤੇ ਦੇ ਸਮਰ ਕੈਂਪ ’ਚ ਸ਼ਾਮਲ ਹੋਏ ਸਨ।
ਇਹ ਵੀ ਪੜ੍ਹੋ : ਚੀਨ ’ਤੇ ਮੁੜ ਮੰਡਰਾਉਣ ਲੱਗਾ ਕੋਰੋਨਾ ਦਾ ਖਤਰਾ, ਕਈ ਸ਼ਹਿਰਾਂ ’ਚ ਫੈਲਿਆ ਡੈਲਟਾ ਰੂਪ
ਬੈੱਲ ਨੇ ਦੱਸਿਆ ਕਿ ਤਕਰੀਬਨ 25 ਤੋਂ 30 ਕੈਂਪਰਾਂ ਨੂੰ ਪਿਛਲੇ ਹਫਤੇ ਦੇ ਅੰਤ ’ਚ ਵੱਖ-ਵੱਖ ਕਾਰਨਾਂ ਕਰਕੇ ਘਰ ਭੇਜਿਆ ਗਿਆ। ਇਨ੍ਹਾਂ ’ਚ ਉਹ ਵਿਅਕਤੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕੋਰੋਨਾ ਵਾਇਰਸ ਦੇ ਲੱਛਣ ਦਿਖਾਏ ਜਾਂ ਵਾਇਰਸ ਲਈ ਪਾਜ਼ੇਟਿਵ ਟੈਸਟ ਕੀਤੇ। ਕੈਂਪ ਵਿਚਲੇ ਚਰਚ ਦੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸੰਪਰਕ ਟਰੇਸਿੰਗ ਦੀ ਪ੍ਰਕਿਰਿਆ ’ਚ ਵੀ ਘਰ ਭੇਜਿਆ ਗਿਆ ਸੀ।