3 ਚਰਚਾਂ ਅੱਗ ਲਾਉਣ ਦੇ ਦੋਸ਼ ''ਚ ਲੂਈਸੀਆਨਾ ਦੇ ਇਕ ਵਿਅਕਤੀ ਨੂੰ 25 ਸਾਲ ਦੀ ਕੈਦ
Wednesday, Nov 04, 2020 - 05:22 PM (IST)
ਫਰਿਜ਼ਨੋ, ( ਗੁਰਿੰਦਰਜੀਤ ਨੀਟਾ ਮਾਛੀਕੇ)- ਲੂਈਸੀਆਨਾ ਦੇ ਇਕ ਵਿਅਕਤੀ ਨੂੰ ਇਸ ਖੇਤਰ ਦੀਆਂ ਤਿੰਨ ਚਰਚਾਂ ਨੂੰ ਉਸ ਦੁਆਰਾ ਅੱਗ ਲਾਉਣ ਦੇ ਦੋਸ਼ ਨੂੰ ਮੰਨਣ ਤੇ ਸਜ਼ਾ ਸੁਣਾਈ ਗਈ ਹੈ। ਇਸ ਵਿਅਕਤੀ ਦੁਆਰਾ ਆਪਣੇ-ਆਪ ਨੂੰ "ਬਲੈਕ ਮੈਟਲ" ਸੰਗੀਤਕਾਰ ਵਜੋਂ ਮਸ਼ਹੂਰ ਕਰਨ ਲਈ ਤਿੰਨ ਅਫਰੀਕੀ ਅਮਰੀਕੀ ਚਰਚਾਂ ਨੂੰ ਸਾੜ ਦਿੱਤਾ ਗਿਆ ਸੀ। ਜਿਸ ਦੇ ਦੋਸ਼ ਤਹਿਤ ਅਦਾਲਤ ਵਲੋਂ ਸੋਮਵਾਰ ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਚਰਚਾਂ ਨੂੰ 2.6 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਵੀ ਦਿੱਤਾ ਗਿਆ।
ਸੰਯੁਕਤ ਰਾਜ ਦੇ ਅਟਾਰਨੀ ਅਲੈਗਜ਼ੈਂਡਰ ਵੈਨ ਹੁੱਕ ਨੇ ਇਕ ਨਿਊਜ਼ ਰੀਲੀਜ਼ ਵਿਚ ਦੱਸਿਆ ਕਿ ਲਫੈਯੇਟ ਦੇ ਜ਼ਿਲ੍ਹਾ ਜੱਜ ਰਾਬਰਟ ਸਮਰਹੇਜ ਨੇ ਹੋਲਡੇਨ ਮੈਥਿਊਜ਼ ਨਾਮ ਦੇ ਇਸ 23 ਸਾਲਾ ਵਿਅਕਤੀ ਨੂੰ ਸ਼ਜਾ ਦਿੱਤੀ ਹੈ ਜੋ ਕਿ ਪਹਿਲਾਂ ਹੀ 18 ਮਹੀਨੇ ਜੇਲ ਵਿਚ ਰਿਹਾ ਹੈ। ਇੱਕ ਬਿਆਨ ਅਨੁਸਾਰ ਮੈਥਿਊਜ਼ ਨੇ 1990 ਦੇ ਦਹਾਕੇ ਵਿਚ ਨਾਰਵੇ ਵਿਚ ਇਸ ਤਰ੍ਹਾਂ ਦੇ ਅਪਰਾਧ ਦੀ ਨਕਲ ਕਰਦਿਆਂ 'ਬਲੈਕ ਮੈਟਲ' ਸੰਗੀਤਕਾਰ ਵਜੋਂ ਉਸ ਦੀ ਪ੍ਰੋਫਾਈਲ ਬਨਾਉਣ ਲਈ ਇਨ੍ਹਾਂ ਇਮਾਰਤਾਂ ਦੀ ਧਾਰਮਿਕ ਮਹੱਤਤਾ ਕਰਕੇ ਅੱਗ ਲਗਾਉਣ ਦਾ ਦੋਸ਼ ਮੰਨਿਆ ਹੈ ਕਿਉਂਕਿ ਨਾਰਵੇ ਵਿੱਚ ਬਲੈਕ ਮੈਟਲ ਸੰਗੀਤ ਦੀ ਕਿਸਮ ਨੂੰ ਕੁਝ ਮਾਮਲਿਆਂ ਵਿਚ ਈਸਾਈ ਗਿਰਜਾਘਰਾਂ ਵਿਚ ਅੱਗ ਲਾਉਣ ਨਾਲ ਜੋੜਿਆ ਗਿਆ ਹੈ।
ਇਸ ਵਿਅਕਤੀ ਨੂੰ ਰਾਜ ਅਤੇ ਕੇਂਦਰ ਪੱਧਰ ਤੇ ਦੋਸ਼ੀ ਮੰਨਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮਾਰਚ ਅਤੇ ਅਪ੍ਰੈਲ 2019 ਵਿੱਚ ਇਹ ਤਿੰਨੇ ਚਰਚ ਸੜ ਗਏ ਸਨ ਪਰ ਅੱਗ ਲੱਗਣ ਵੇਲੇ ਚਰਚ ਖਾਲੀ ਸਨ ਅਤੇ ਕੋਈ ਵੀ ਜ਼ਖਮੀ ਨਹੀਂ ਹੋਇਆ ਸੀ। ਇਹ ਮੁੱਖ ਤੌਰ ਤੇ ਅਫਰੀਕੀ ਅਮਰੀਕੀ ਈਸਾਈਆਂ ਲਈ ਇਕੱਠੇ ਹੋਣ, ਅਰਦਾਸ ਕਰਨ, ਪੂਜਾ ਕਰਨ ਅਤੇ ਉਨ੍ਹਾਂ ਦੇ ਵਿਸ਼ਵਾਸ ਕਰਨ ਦੀ ਜਗ੍ਹਾ ਸਨ, ਜਿਨ੍ਹਾਂ ਨੂੰ ਦੋਸ਼ੀ ਨੇ ਅੱਗ ਦੇ ਹਵਾਲੇ ਕਰ ਦਿੱਤਾ ਸੀ।