ਅੰਸ਼ਦੀਪ ਸਿੰਘ ਭਾਟੀਆ ਨੇ ਪੂਰਾ ਕੀਤਾ ਸੁਪਨਾ, ਬਣਿਆ ਟਰੰਪ ਦਾ ਸੁਰੱਖਿਆ ਗਾਰਡ

Sunday, Sep 09, 2018 - 05:23 PM (IST)

ਵਾਸ਼ਿੰਗਟਨ (ਬਿਊਰੋ)— ਭਾਰਤ ਦੇ ਕਾਨਪੁਰ, ਉੱਤਰ ਪ੍ਰਦੇਸ਼ ਵਿਚ ਰਹਿਣ ਵਾਲੇ ਇਕ ਨੌਜਵਾਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੁਰੱਖਿਆ ਗਾਰਡ ਦੇ ਰੂਪ ਵਿਚ ਤਾਇਨਾਤ ਕੀਤਾ ਗਿਆ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਭਾਰਤੀ ਮੂਲ ਦੇ ਸ਼ਖਸ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਅਮਰੀਕੀ ਪ੍ਰਸ਼ਾਸਨ ਵੱਲੋਂ ਅੰਸ਼ਦੀਪ ਸਿੰਘ ਭਾਟੀਆ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੇ ਜਾਣ ਦੇ ਬਾਅਦ ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕ ਬਹੁਤ ਖੁਸ਼ ਹਨ। ਜ਼ਿਕਰਯੋਗ ਹੈ ਕਿ ਅੰਸ਼ਦੀਪ ਦੇ ਵਡੇਰੇ ਸਾਲ 1984 ਵਿਚ ਕਾਨਪੁਰ, ਯੂ.ਪੀ. ਵਿਚ ਹੋਏ ਦੰਗਿਆਂ ਦੇ ਸ਼ਿਕਾਰ ਹੋਏ ਸਨ। ਦੰਗਿਆਂ ਮਗਰੋਂ ਉਨ੍ਹਾਂ ਦੇ ਵਡੇਰੇ ਲੁਧਿਆਣਾ ਸ਼ਿਫਟ ਹੋ ਗਏ ਸਨ। ਕੁਝ ਸਾਲ ਬਾਅਦ ਪੂਰਾ ਪਰਿਵਾਰ ਅਮਰੀਕਾ ਸ਼ਿਫਟ ਹੋ ਗਿਆ ਸੀ।

ਅੰਸ਼ਦੀਪ ਦਾ ਜਨੂੰਨ
ਅਮਰੀਕਾ ਪਹੁੰਚਣ ਮਗਰੋਂ ਅੰਸ਼ਦੀਪ ਨੇ ਅਮਰੀਕੀ ਰਾਸ਼ਟਰਪਤੀ ਦਾ ਸੁਰੱਖਿਆ ਗਾਰਡ ਬਣਨ ਦਾ ਇਰਾਦਾ ਬਣਾਇਆ। ਭਾਵੇਂਕਿ ਰਾਸ਼ਟਰਪਤੀ ਦੇ ਸੁਰੱਖਿਆ ਗਾਰਡਾਂ ਵਿਚ ਸ਼ਾਮਲ ਹੋਣ ਲਈ ਆਪਣੇ ਸਧਾਰਨ ਪਹਿਰਾਵੇ ਤੇ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਕਾਰਨ ਉਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਆਪਣੇ ਜਨੂੰਨ ਨੂੰ ਪੂਰਾ ਕਰਨ ਦੀ ਇੱਛਾ ਵਿਚ ਅੰਸ਼ਦੀਪ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਨੂੰ ਸਫਲਤਾ ਵੀ ਮਿਲੀ।

ਭਾਈਚਾਰੇ ਵਿਚ ਖੁਸ਼ੀ ਦੀ ਲਹਿਰ
ਅਮਰੀਕੀ ਰਾਸ਼ਟਰਪਤੀ ਦੇ ਸੁਰੱਖਿਆ ਗਾਰਡ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ ਅੰਸ਼ਦੀਪ ਨੇ ਹਵਾਈ ਅੱਡੇ 'ਤੇ ਸੁਰੱਖਿਆ ਗਾਰਡ ਤੋਂ ਲੈ ਕੇ ਹੋਰ ਕਈ ਨੌਕਰੀਆਂ ਕੀਤੀਆਂ। ਹਾਲ ਹੀ ਵਿਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਹੋਣ ਵਾਲੀ ਟਰੇਨਿੰਗ ਵਿਚ ਅੰਸ਼ਦੀਪ ਨੇ ਹਿੱਸਾ ਲਿਆ ਸੀ। ਉਸ ਨੂੰ ਇਸੇ ਹਫਤੇ ਹੋਏ ਇਕ ਸਮਾਰੋਹ ਵਿਚ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਤਾਇਨਾਤ ਗਾਰਡ ਦਸਤੇ ਵਿਚ ਸ਼ਾਮਲ ਕਰ ਲਿਆ ਗਿਆ। ਅੰਸ਼ਦੀਪ ਦੇ ਚੁਣੇ ਜਾਣ ਨਾਲ ਸਿੱਖ ਭਾਈਚਾਰਾ ਬਹੁਤ ਮਾਣ ਮਹਿਸੂਸ ਕਰ ਰਿਹਾ ਹੈ।


Related News