ਪਹਿਲੀ ਵਾਰ ਕਿਸੇ ਹੋਰ ਨੂੰ ਜਿਉਂਦੇ HIV ਮਰੀਜ਼ ਦੀ ਲਗਾਈ ਗਈ ਕਿਡਨੀ

Friday, Mar 29, 2019 - 10:37 AM (IST)

ਪਹਿਲੀ ਵਾਰ ਕਿਸੇ ਹੋਰ ਨੂੰ ਜਿਉਂਦੇ HIV ਮਰੀਜ਼ ਦੀ ਲਗਾਈ ਗਈ ਕਿਡਨੀ

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਮੈਡੀਕਲ ਖੇਤਰ ਵਿਚ ਪਹਿਲੀ ਵਾਰ ਦੁਨੀਆ ਦਾ ਪਹਿਲਾ ਅਨੋਖਾ ਅੰਗ ਟਰਾਂਸਪਲਾਂਟ ਕੀਤਾ ਗਿਆ। ਇੱਥੇ ਡਾਕਟਰਾਂ ਦੀ ਇਕ ਟੀਮ ਨੇ ਜੌਨ ਹੌਪਕਿੰਸ ਹਸਪਤਾਲ ਵਿਚ ਇਕ 35 ਸਾਲਾ ਏਡਜ਼ ਪੀੜਤ ਮਹਿਲਾ ਦੀ ਕਿਡਨੀ ਦੂਜੇ ਏਡਜ਼ ਪੀੜਤ ਨੂੰ ਟਰਾਂਸਪਲਾਂਟ ਕੀਤੀ। ਇਸ ਤੋਂ ਪਹਿਲਾਂ ਮਰ ਚੁੱਕੇ ਏਡਜ਼ ਰੋਗੀ ਦੇ ਅੰਗਾਂ ਦਾ ਟਰਾਂਸਪਲਾਂਟੇਸ਼ਨ ਕੀਤਾ ਜਾਂਦਾ ਸੀ। ਏਡਜ਼ ਪੀੜਤ ਨਿਨਾ ਮਾਰਟੀਨੇਜ਼ ਨੇ ਇਕ ਪਹਿਲ ਕਰਦਿਆਂ ਆਪਣੀ ਕਿਡਨੀ ਦਾਨ ਕਰਨ ਦਾ ਮਨ ਬਣਾਇਆ। ਆਮਤੌਰ 'ਤੇ ਏਡਜ਼ ਪੀੜਤ ਲਈ ਇਕ ਕਿਡਨੀ ਦੇ ਜਿਉਂਦੇ ਰਹਿਣਾ ਮੁਸ਼ਕਲ ਹੁੰਦਾ ਹੈ ਪਰ ਨਿਨਾ ਦਾ ਐੱਚ.ਆਈ.ਵੀ. ਪੂਰੀ ਤਰ੍ਹਾਂ ਕੰਟਰੋਲ ਹੈ ਅਤੇ ਉਨ੍ਹਾਂ ਦਾ ਸਰੀਰ ਇਕ ਕਿਡਨੀ 'ਤੇ ਕੰਮ ਕਰਨ ਵਿਚ ਸਮਰੱਥ ਹੈ। 

ਜੌਨ ਹੌਪਕਿੰਸ ਹਸਪਤਾਲ ਵਿਚ ਸੋਮਵਾਰ ਨੂੰ ਸਰਜਨਾਂ ਦੀ ਇਕ ਟੀਮ ਨੇ ਨਿਨਾ ਦੀ ਕਿਡਨੀ ਇਕ ਹੋਰ ਐੱਚ.ਆਈ.ਵੀ. ਮਰੀਜ਼ ਨੂੰ ਲਗਾ ਦਿੱਤੀ। ਇਸ ਟੀਮ ਵਿਚ ਭਾਰਤੀ ਮੂਲ ਦੇ ਡਾਕਟਰ ਨੀਰਜ ਦੇਸਾਈ ਪ੍ਰਮੁੱਖ ਸਨ। ਸਰਜਰੀ ਮਗਰੋਂ ਦੋਵੇਂ ਮਰੀਜ਼ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਹਾਲੇ 10 ਤੋਂ 15 ਦਿਨ ਤੱਕ ਹੋਰ ਸਖਤ ਨਿਗਰਾਨੀ ਵਿਚ ਰੱਖਿਆ ਜਾਵੇਗਾ। ਨਿਨਾ ਦਾ ਕਹਿਣਾ ਹੈ,''ਉਨ੍ਹਾਂ ਦੀ ਬੀਮਾਰੀ ਜਾਨਲੇਵਾ ਹੈ। ਇਕ ਸਮਾਂ ਸੀ ਜਦੋਂ ਇਸ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਮਰਨ ਵਾਲੇ ਸਮਝਿਆ ਜਾਂਦਾ ਸੀ ਪਰ ਅੱਜ ਕਿਡਨੀ ਦਾਨ ਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਜਾਨਲੇਵਾ ਬੀਮਾਰੀ ਨਾਲ ਪੀੜਤ ਹੋਣ ਦੇ ਬਾਅਦ ਵੀ ਉਹ ਕਿਸੇ ਨੂੰ ਜੀਵਨਦਾਨ ਦੇ ਸਕਦੀ ਹੈ।'' 

ਇੱਥੇ ਦੱਸ ਦਈਏ ਕਿ ਨਿਨਾ ਨੂੰ ਜਨਮ ਦੇ ਤੁਰੰਤ ਬਾਅਦ ਐੱਚ.ਆਈ.ਵੀ. ਇਨਫੈਕਸ਼ਨ ਹੋਇਆ ਸੀ। ਨਿਨਾ ਦੱਸਦੀ ਹੈ ਕਿ ਇਸ ਕਦਮ ਨਾਲ ਵਿਚਾਰਧਾਰਾ ਬਦਲੇਗੀ ਅਤੇ ਐੱਚ.ਆਈ.ਵੀ. ਪੀੜਤ ਵੀ ਜਿਉਂਦੇ ਰਹਿੰਦਿਆਂ ਅੰਗ ਦਾਨ ਕਰਨ ਲਈ ਅੱਗੇ ਆਉਣਗੇ। ਸਫਲ ਕਿਡਨੀ ਟਰਾਂਸਪਲਾਂਟ ਕਰਨ ਵਾਲੇ ਸਰਜਨ ਨੀਰਜ ਦੇਸਾਈ ਦੱਸਦੇ ਹਨ ਕਿ ਇਸ ਸਰਜਰੀ ਨਾਲ ਦੂਜੇ ਮਰੀਜ਼ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਨੀਰਜ ਨੇ ਦੱਸਿਆ ਕਿ ਜਿਉਂਦੇ ਵਿਅਕਤੀ ਤੋਂ ਕਿਡਨੀ ਮਿਲਣਾ ਮ੍ਰਿਤਕ ਦੀ ਤੁਲਨਾ ਵਿਚ ਜ਼ਿਆਦਾ ਲਾਭਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ 'ਤੇ ਟਰਾਂਸਪਲਾਂਟੇਸ਼ਨ ਕਿਡਨੀ 10 ਤੋਂ 15 ਸਾਲ ਤੱਕ ਸਹੀ ਤਰੀਕੇ ਨਾਲ ਕੰਮ ਕਰਦੀ ਹੈ। ਪਰ ਜਦੋਂ ਇਸ ਨੂੰ ਜਿਉਂਦੇ ਵਿਅਕਤੀ ਤੋਂ ਟਰਾਂਸਪਲਾਂਟ ਕੀਤਾ ਜਾਂਦਾ ਹੈ ਤਾਂ ਇਹ ਜ਼ਿਆਦਾ ਸਮੇਂ ਤੱਕ ਕੰਮ ਕਰਦੀ ਹੈ।

ਅੰਕੜਿਆਂ ਮੁਤਾਬਕ ਦੁਨੀਆ ਵਿਚ ਅਜੇ ਵੀ 11 ਲੱਖ ਲੋਕ ਐੱਚ.ਆਈ.ਵੀ. ਪੀੜਤ ਹਨ। ਸਾਲ 2016 ਤੱਕ ਐੱਚ.ਆਈ.ਵੀ. ਨਾਲ ਮਰਨ ਵਾਲੇ ਲੋਕਾਂ ਦੇ 116 ਅੰਗ ਦਾਨ ਹੋਏ। ਬੀਤੇ ਤਿੰਨ ਦਹਾਕਿਆਂ ਵਿਚ 1.52 ਲੱਖ ਕਿਡਨੀ ਟਰਾਂਸਪਲਾਂਟ ਹੋਈਆਂ। ਅਮਰੀਕਾ ਵਿਚ ਅੱਜ ਵੀ 1.13 ਲੱਖ ਲੋਕ ਅੰਗਦਾਨ ਦੀ ਉਡੀਕ ਸੂਚੀ ਵਿਚ ਹਨ।


author

Vandana

Content Editor

Related News