ਜੌਰਜ ਨੂੰ ਸ਼ਰਧਾਂਜਲੀ ਦੇਣ ਲਈ ਤੇਜ਼ ਧੁੱਪ ''ਚ 60,000 ਲੋਕਾਂ ਨੇ ਕੱਢਿਆ ਸ਼ਾਂਤੀ ਮਾਰਚ (ਤਸਵੀਰਾਂ)
Wednesday, Jun 03, 2020 - 12:18 PM (IST)
 
            
            ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਗੈਰ ਗੋਰੇ 46 ਸਾਲਾ ਜੌਰਜ ਫਲਾਈਡ ਦੀ ਮੌਤ ਦੇ ਬਾਅਦ ਹਜ਼ਾਰਾਂ ਲੋਕਾਂ ਨੇ ਸ਼ਾਂਤੀਪੂਰਵਕ ਮਾਰਚ ਕੀਤਾ। ਇਸ ਦੌਰਾਨ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਅਫਰੀਕੀ-ਅਮਰੀਕੀ ਜੌਰਜ ਫਲਾਈਡ ਨੂੰ ਸ਼ਰਧਾਂਜਲੀ ਦਿੱਤੀ। ਇਸ ਸ਼ਾਂਤੀਪੂਰਵਕ ਮਾਰਚ ਵਿਚ ਤਕਰੀਬਨ 60,000 ਲੋਕਾਂ ਨੇ ਹਿੱਸਾ ਲਿਆ। ਸਰੀਰ ਨੂੰ ਝੁਲਸਾਉਣ ਵਾਲੀ ਤੇਜ਼ ਧੁੱਪ ਵਿਚ ਇਹ ਮਾਰਚ ਡਿਸਕਵਰੀ ਤੋਂ ਇਕ ਮੀਲ ਦੂਰੀ 'ਤੇ ਗ੍ਰੀਨ ਪਾਰਕ ਤੋਂ ਸਿਟੀ ਹਾਲ ਤੱਕ ਕੱਢਿਆ ਗਿਆ। ਇਸ ਦੌਰਾਨ ਲੋਕਾਂ ਨੇ 'ਹੱਥ ਉੱਪਰ ਕਰੋ, ਗੋਲੀ ਨਾ ਚਲਾਓ' ਅਤੇ 'ਕੋਈ ਨਿਆਂ ਨਹੀਂ, ਕੋਈ ਸ਼ਾਂਤੀ ਨਹੀਂ' ਦੇ ਨਾਅਰੇ ਲਗਾਉਂਦੇ ਹੋਏ ਮਾਰਚ ਕੀਤਾ। ਉੱਧਰ ਮਿਨੀਆਪੋਲਿਸ ਸਮੇਤ ਅਮਰੀਕਾ ਦੇ ਕਈ ਰਾਜਾਂ ਵਿਚ ਹਿੰਸਕ ਪ੍ਰਦਰਸ਼ਨ ਜਾਰੀ ਹਨ।

ਰੈਪਰ ਟ੍ਰਾਥ ਟਰੂਥ ਅਤੇ ਬਨ ਬੀ ਵੱਲੋਂ ਆਯੋਜਿਤ ਇਸ ਮਾਰਚ ਵਿਚ ਸ਼ਹਿਰ ਦੇ ਕਈ ਨੇਤਾਵਾਂ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ।ਇਸ ਵਿਚ ਮੇਅਰ ਸਿਲਵੇਸਟਰ ਟਰਨਰ, ਕਾਂਗਰਸ ਨੇਤਾ ਸ਼ੀਲਾ ਜੈਕਸਨ ਲੀ, ਲਿਜੀ ਫਲੇਚਰ, ਸਿਲਵੀਆ ਗਾਰਸੀਆ ਅਤੇ ਕਾਂਗਰਸ ਦੇ ਮੈਂਬਰ ਅਲ ਗ੍ਰੀਨ ਸ਼ਾਮਲ ਸਨ। ਲੇਕਵੁੱਡ ਚਰਚ ਦੇ ਪਾਦਰੀ ਜੋਏਲ ਓਸਟੀਨ ਨੇ ਫਲਾਈਡ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪ੍ਰਾਰਥਨਾ ਕੀਤੀ। ਭੀੜ ਨੇ ਗੋਡੇ ਟੇਕ ਕੇ ਹਿਊਸਟਨ ਵਿਅਕਤੀ ਦੀ ਯਾਦ ਵਿਚ 30 ਸੈਕੰਡ ਦਾ ਮੌਨ ਰੱਖਿਆ। ਇਸ ਮੌਕੇ 'ਤੇ ਫਲਾਈਡ ਦੇ ਭਰਾ-ਭੈਣ ਨੇ ਕਿਹਾ,''ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸਾਡੇ ਭਰਾ ਦੇ ਲਈ ਸਾਡੇ ਕੋਲ ਬਹੁਤ ਸਾਰੇ ਲੋਕ ਹੋਣਗੇ।'' ਰੈਪਰ ਬਨ ਬੀ ਨੇ ਇਸ ਮਾਰਚ ਦੀ ਅਗਵਾਈ ਕੀਤੀ। ਮਾਰਚ ਵਿਚ ਉਸ ਨੇ ਕਿਹਾ,''ਉਸਦਾ ਨਾਮ ਕੀ ਹੈ?'' ਤਾਂ ਉੱਥੇ ਮੌਜੂਦ ਲੋਕਾਂ ਨੇ ਜਵਾਬ ਦਿੱਤਾ-'ਜੌਰਜ ਫਲਾਈਡ'।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਨੇ ਕੀਤੀ ਸ਼ਾਂਤੀ ਦੀ ਅਪੀਲ
ਇਸ ਦੌਰਾਨ ਡਾਕਟਰ ਮਾਰਟੀਨ ਲੂਥਰ ਕਿੰਗ ਦੇ ਨਾਲ ਮਾਰਚ ਕਰਨ ਵਾਲੇ ਰੇਵਰੇਂਡ ਬਿਲ ਲਾਸਨ ਨੇ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ,''ਭੀੜ ਨੂੰ ਸ਼ੋਰ ਕਰਨ ਦੀ ਲੋੜ ਹੈ। ਅਸੀਂ ਬਹੁਤ ਲੰਬੇ ਸਮੇਂ ਤੋਂ ਸ਼ਾਂਤ ਹਾਂ।'' ਮੇਅਰ ਟਰਨਰ ਨੇ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ,''ਮੈਂ ਚੌਥੇ ਸਭ ਤੋਂ ਵੱਡੇ ਸ਼ਹਿਰ ਦੇ ਮੇਅਰ ਦੇ ਰੂਪ ਵਿਚ ਉਹਨਾਂ ਦੇ ਪਰਿਵਾਰ ਨੂੰ ਕਹਿੰਦਾ ਹਾਂ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਤੁਹਾਡੇ ਨਾਲ ਹਾਂ। ਜੌਰਜ ਫਲਾਈਡ ਵਿਅਰਥ ਨਹੀਂ ਮਾਰਿਆ ਗਿਆ।'' ਉਹਨਾਂ ਨੇ ਕਿਹਾ ਕਿ ਅਸੀਂ ਹਰੇਕ ਵਿਅਕਤੀ ਦਾ ਸਨਮਾਨ ਕਰਦੇ ਹਾਂ। ਹਰੇਕ ਵਿਅਕਤੀ ਮਹੱਤਵਪੂਰਨ ਹੈ। ਸਾਨੂੰ ਰੋਜ਼ਾਨਾ ਬਿਹਤਰ ਕਰਨ ਲਈ ਖੁਦ ਨੂੰ ਵਚਨਬੱਧ ਕਰਨਾ ਹੋਵੇਗਾ। ਅਮਰੀਕੀ ਰਾਜਾਂ ਵਿਚ ਜਾਰੀ ਹਿੰਸਕ ਪ੍ਰਦਰਸ਼ਨਾਂ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਹੈ। 4 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ ਅਤੇ ਅਰਬਾਂ ਡਾਲਰਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            