ਅਮਰੀਕਾ : ‘ਤੀਆਂ ਫਰਿਜ਼ਨੋ ਦੀਆਂ’ 25ਵੇਂ ਸਾਲ ’ਚ ਪਹੁੰਚੀਆਂ, ਕਾਰਨੀ ਪਾਰਕ ’ਚ ਲੱਗੀਆਂ ਰੌਣਕਾਂ

Wednesday, Aug 11, 2021 - 10:18 PM (IST)

ਫਰਿਜ਼ਨੋ (ਨੀਟਾ ਮਾਛੀਕੇ) : ਪੰਜਾਬ ’ਚੋਂ ਬਹੁਤ ਸਾਰੇ ਤਿਉਹਾਰ ਅਲੋਪ ਹੋ ਰਹੇ ਹਨ ਪਰ ਇਥੇ ਪਿਛਲੇ 25 ਸਾਲਾਂ ਤੋਂ ਫਰਿਜ਼ਨੋ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁੱਲ੍ਹੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਹਰ ਸਾਲ ਲੱਗ ਰਹੀਆਂ ਹਨ। ਬੇਸ਼ੱਕ ਅੱਜ ਪਿੱਪਲਾਾਂ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ ਪਰ ਹੋਰ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪ੍ਰੰਪਰਾਗਤ ਤਰੀਕੇ ਨਾਲ ਹਰ ਸਾਲ ਲੱਗਦੀਆਂ ਹਨ।

PunjabKesari

ਬੀਤੇ ਸਾਲ ਤੀਆਂ ਦੀ ਮੋਢੀ ਗੁੱਡੀ ਸਿੱਧੂ ਦੀ ਅਚਾਨਕ ਕਾਰ ਹਾਦਸੇ ’ਚ ਮੌਤ ਹੋਣ ਕਰਕੇ ਅਤੇ ਕੋਵਿੰਡ-19 ਦੀ ਮਹਾਮਾਰੀ ਕਰਕੇ ਨਹੀਂ ਲੱਗ ਸਕੀਆਂ ਸਨ ਪਰ ਇਸ ਸਾਲ ਦੀਆਂ ਤੀਆਂ ਗੁੱਡੀ ਸਿੱਧੂ ਦੀ ਯਾਦ ਨੂੰ ਸਮਰਪਿਤ ਕਰਦੇ ਹੋਏ ਕੋਵਿੰਡ-19 ਮਹਾਮਾਰੀ ਦੀ ਭੇਟ ਚੜ੍ਹ ਚੁੱਕੀਆਂ ਕੀਮਤੀ ਜਾਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਦੇਣ ਉਪਰੰਤ ਭਾਰਤ ’ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਚੜ੍ਹਦੀਕਲਾ ਦੀ ਅਰਦਾਸ ਕਰਦਿਆਂ ਸ਼ੁਰੂ ਹੋਈਆਂ। ਇਹ ਬੜੀ ਖੁਸ਼ੀ ਦੀ ਗੱਲ ਸੀ ਕਿ ਬੇਸ਼ੱਕ ਸਿੱਖ ਧਰਮ ’ਚ ਤੀਆਂ ਆਦਿ ਰਸਮੀ ਤਿਉਹਾਰਾਂ ਨੂੰ ਬਹੁਤੀ ਮਾਨਤਾ ਨਹੀਂ ਦਿੱਤੀ ਜਾਂਦੀ ਪਰ ਫਿਰ ਵੀ ਹਾਜ਼ਰ ਔਰਤਾਂ ਨੇ ਤੀਆਂ ਦੀ ਸ਼ੁਰੂਆਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤੀ।

ਇਹ ਵੀ ਪੜ੍ਹੋ : ਓਲੰਪਿਕ ਐਥਲੈਟਿਕਸ ਦੇ 10 ਜਾਦੂਈ ਪਲਾਂ ’ਚ ਸ਼ਾਮਲ ਹੋਈ ਨੀਰਜ ਚੋਪੜਾ ਦੀ ‘ਗੋਲਡਨ’ ਉਪਲੱਬਧੀ

ਇਸ ਤੋਂ ਇਲਾਵਾ ਭਾਰਤੀ ਕਿਸਾਨਾਂ ਦੇ ਸੰਘਰਸ਼ ਲਈ ਹਾਅ ਦਾ ਨਾਅਰਾ ਮਾਰਦੇ ਹੋਏ ‘ਕਿਸਾਨ-ਮਜ਼ਦੂਰ ਏਕਤਾ-ਜ਼ਿੰਦਾਬਾਦ’ ਦੇ ਨਾਅਰਿਆ ਦੀ ਆਵਾਜ਼ ਵੀ ਬੁਲੰਦ ਕੀਤੀ। ਇਸ ਸਮੇਂ ਹਾਜ਼ਰ ਬੱਚੀਆਂ, ਬੀਬੀਆਂ-ਭੈਣਾਂ ’ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਸੀ। ਤੀਆਂ ’ਚ ਮਰਦਾਂ ਨੂੰ ਆਉਣ ਦੀ ਹਮੇਸ਼ਾ ਹੀ ਮਨਾਹੀ ਹੁੰਦੀ ਹੈ। ਜਿਸ ਤਰ੍ਹਾਂ ਸਮੇਂ ਦੀ ਤਬਦੀਲੀ ਨਾਲ ਅੱਜ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਾਹੌਲ ਤੋਂ ਸਟੇਜ ’ਤੇ ਸਿਰਫ ਨੁਮਾਇਸ਼ਨੁਮਾ ਹੀ ਰਹਿ ਗਏ ਹਨ ਪਰ ਇਹ ਗੱਲ ਬੜੇ ਫਖ਼ਰ ਦੀ ਹੈ ਕਿ ਫਰਿਜ਼ਨੋ ਦੀਆਂ ਤੀਆਂ ਆਪਣੇ 25ਵੇਂ ਸਾਲ ’ਚ ਉਸੇ ਤਰ੍ਹਾਂ ਖੁੱਲ੍ਹੀਆਂ ਗਰਾਊਂਡਾਂ ’ਚ ਪ੍ਰੰਪਰਾਗਤ ਤਰੀਕੇ ਨਾਲ ਲੱਗੀਆਂ, ਜਿਥੇ ਵੱਖ-ਵੱਖ ਸ਼ਹਿਰਾਂ ਤੋਂ ਬੀਬੀਆਂ-ਭੈਣਾਂ ਰਲ ਕੇ ਆਪਣੇ ਵੱਖ-ਵੱਖ ਗਰੁੱਪਾਂ ’ਚ ਗੀਤ ਗਾ ਤੇ ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜਨ ਕਰਦੀਆਂ ਹੋਈਆਂ ਆਪਣੀਆਂ ਸਹੇਲੀਆਂ ਨੂੰ ਵੀ ਮਿਲੀਆਂ। ਇਨ੍ਹਾਂ ਤੀਆਂ ਦੌਰਾਨ ਸਮਾਪਤੀ ’ਤੇ ਪਾਈ ਗਈ ਬੱਲੋਂ ਵੀ ਇਤਿਹਾਸਿਕਤਾ ਦਾ ਰੂਪ ਪੇਸ਼ ਕਰ ਰਹੀ ਸੀ।

ਇਹ ਵੀ ਪੜ੍ਹੋ : ਪਾਕਿ ’ਚ ਹਿੰਦੂ ਮੰਦਿਰਾਂ ’ਚ ਭੰਨ-ਤੋੜ ਖ਼ਿਲਾਫ਼ ਗੁਆਂਢੀ ਦੇਸ਼ਾਂ ’ਚ ਵੀ ਉੱਠੀ ਆਵਾਜ਼, ਇਮਰਾਨ ਨੂੰ ਦਿੱਤੀ ਨਸੀਹਤ

ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾ ਦੀਆਂ ਰੰਗ-ਬਿਰੰਗੀਆਂ ਪੁਸ਼ਾਕਾਂ, ਲਹਿੰਗੇ ਅਤੇ ਘੱਗਰੇ ਪੰਜਾਬੀਅਤ ਦੇ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ। ਇਸ ਸਮੇਂ ‘ਸਿੱਖ ਵੂਮੈਨਜ਼ ਆਰਗੇਨਾਈਜ਼ੇਸ਼ਨ ਸੈਂਟਰਲ ਕੈਲੀਫੋਰਨੀਆ’ ਵੱਲੋਂ ਲੋੜਵੰਦ ਔਰਤਾਂ ਲਈ ਜਾਣਕਾਰੀ ਬੂਥ ਤੋਂ ਇਲਾਵਾ ਮਹਿੰਦੀ ਅਤੇ ਖਾਣੇ ਆਦਿ ਦੇ ਸਟਾਲ ਵੀ ਸਨ। ਤੀਆਂ ਦੌਰਾਨ ਰੋਜ਼ਾਨਾ ਪ੍ਰਬੰਧਕਾਂ ਵੱਲੋਂ ਸਮਾਪਤੀ ’ਤੇ ਖੁੱਲ੍ਹੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ. ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇਨ੍ਹਾਂ ਤੀਆਂ ਦਾ ਮਾਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਇਸ ਸਮੇਂ ਤੀਆਂ ’ਚ ਸ਼ਾਮਲ ਮੇਲਣਾ ਅਤੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕੀਤੀ ਗਈ, ਜਿਨ੍ਹਾਂ ਨੇ ਵਾਅਦਾ ਕੀਤਾ ਕਿ ਇਹ ਤੀਆਂ ਹਮੇਸ਼ਾ ਵਾਂਗ ਕਾਰਨੀ ਪਾਰਕ ’ਚ ਹਰ ਸਾਲ ਲੱਗਣਗੀਆਂ। ਅਜੋਕੇ ਸਮੇਂ ਅੰਦਰ ਲੋੜ ਹੈ ਅਜਿਹੇ ਤਿਉਹਾਰਾ ਨੂੰ ਪ੍ਰੰਪਰਾਗਤ ਤਰੀਕੇ ਨਾਲ ਮਨਾਉਣ ਦੀ, ਜਿਸ ਨਾਲ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਂਦੇ ਹੋਏ ਜੀਵਤ ਰੱਖਿਆ ਜਾ ਸਕੇ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਸਰਨਜੀਤ ਗੁੱਡੀ ਰਾਣੂ ਅਤੇ ਸਮੂਹ ਸਹਿਯੋਗੀਆਂ ਨੂੰ ਜਾਂਦਾ ਹੈ। ਅੰਤ ਇਹ ਫਰਿਜ਼ਨੋ ਦੀਆਂ ਤੀਆਂ ਦਾ ਰੌਣਕ ਮੇਲਾ ਮਾਵਾਂ, ਧੀਆਂ, ਭੈਣਾਂ ਅਤੇ ਸਹੇਲੀਆਂ ਦੇ ਆਪਸੀ ਪਿਆਰ ਨੂੰ ਇਕੱਠਿਆਂ ਪਿਆਰ ਵੰਡਦਾ ਸੱਭਿਆਚਾਰਕ ਰੰਗ ’ਚ ਯਾਦਗਾਰੀ ਹੋ ਨਿੱਬੜਿਆ।


Manoj

Content Editor

Related News