ਅਮਰੀਕਾ:  ਗਰਭਵਤੀ ਅਤੇ ਜਣੇਪੇ ਤੋਂ ਬਾਅਦ ਵਾਲੀਆਂ ਪ੍ਰਵਾਸੀ ਔਰਤਾਂ ਨੂੰ ਨਹੀਂ ਕੀਤਾ ਜਾਵੇਗਾ ਨਜ਼ਰਬੰਦ

Sunday, Jul 11, 2021 - 10:52 AM (IST)

ਅਮਰੀਕਾ:  ਗਰਭਵਤੀ ਅਤੇ ਜਣੇਪੇ ਤੋਂ ਬਾਅਦ ਵਾਲੀਆਂ ਪ੍ਰਵਾਸੀ ਔਰਤਾਂ ਨੂੰ ਨਹੀਂ ਕੀਤਾ ਜਾਵੇਗਾ ਨਜ਼ਰਬੰਦ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ ਸੀ ਈ) ਹੁਣ ਜ਼ਿਆਦਾਤਰ ਗਰਭਵਤੀ, ਨਰਸਿੰਗ ਅਤੇ ਜਣੇਪੇ ਤੋਂ ਬਾਅਦ ਦੀਆਂ ਪ੍ਰਵਾਸੀ ਔਰਤਾਂ ਨੂੰ ਦੇਸ਼ ਨਿਕਾਲੇ ਲਈ ਨਜ਼ਰਬੰਦ ਨਹੀਂ ਕਰੇਗੀ। ਬਾਈਡੇਨ ਪ੍ਰਸ਼ਾਸਨ ਨੇ ਟਰੰਪ-ਯੁੱਗ ਦੇ ਉਹਨਾਂ ਨਿਯਮਾਂ ਨੂੰ ਰੱਦ ਕੀਤਾ ਹੈ ਜੋ ਕਿ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਹਜ਼ਾਰਾਂ ਪ੍ਰਵਾਸੀਆਂ ਨੂੰ ਜੇਲ੍ਹ ਵਿੱਚ ਭੇਜਣ ਦੀ ਇਜਾਜ਼ਤ ਦਿੰਦੇ ਸਨ। ਬਾਈਡੇਨ ਪ੍ਰਸ਼ਾਸਨ ਨੇ ਆਈ ਸੀ ਈ ਦੀ ਨਵੀਂ ਨੀਤੀ ਨੂੰ ਓਬਾਮਾ ਦੇ ਦੌਰ ਨਾਲੋਂ ਵੀ ਜ਼ਿਆਦਾ ਵੱਡਾ ਦਾਇਰਾ ਦਿੱਤਾ ਹੈ। 

ਓਬਾਮਾ ਪ੍ਰਸ਼ਾਸਨ ਨੇ ਆਮ ਤੌਰ 'ਤੇ ਗਰਭਵਤੀ ਪ੍ਰਵਾਸੀ ਔਰਤਾਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਛੋਟ ਦਿੱਤੀ ਸੀ ਪਰ ਬਾਈਡੇਨ ਪ੍ਰਸ਼ਾਸਨ ਇਸ ਨੀਤੀ ਵਿੱਚ ਉਨ੍ਹਾਂ ਔਰਤਾਂ ਨੂੰ ਵੀ ਸ਼ਾਮਲ ਕਰਦਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੇ ਅੰਦਰ ਬੱਚੇ ਨੂੰ ਜਨਮ ਦਿੱਤਾ ਸੀ ਅਤੇ ਇਸ ਵਿੱਚ ਉਹ ਔਰਤਾਂ ਵੀ ਸ਼ਾਮਲ ਹਨ, ਜੋ ਬੱਚੇ ਦੇ ਜਨਮ ਲਈ ਵੱਧ ਸਮਾਂ ਲੈ ਸਕਦੀਆਂ ਹਨ ਅਤੇ ਦੇਖਭਾਲ ਅਧੀਨ ਹਨ। ਕੁਝ ਆਲੋਚਕਾਂ ਅਨੁਸਾਰ ਇਸ ਨੀਤੀ ਨਾਲ ਸਿਵਲ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਹੋਵੇਗੀ ਪਰ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਹ ਇਮੀਗ੍ਰੇਸ਼ਨ ਪ੍ਰਤੀ ਵਧੇਰੇ ਮਾਨਵੀ ਪਹੁੰਚ ਦੀ ਇੱਛਾ ਰੱਖਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਨਵਾਂ ਖਤਰਾ : ਕੋਰੋਨਾ ਦੇ ਦੋ ਵੈਰੀਐਂਟ ਨਾਲ ਪੀੜਤ ਹੋਈ ਔਰਤ, 5 ਦਿਨ 'ਚ ਮੌਤ

ਆਈ ਸੀ ਈ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਨਵੀਂ ਨੀਤੀ ਵਿੱਚ ਨਵੀਆਂ ਮਾਵਾਂ ਦੀ “ਸਿਹਤ ਅਤੇ ਸੁਰੱਖਿਆ” ਨੂੰ ਵਧੇਰੇ ਧਿਆਨ ਵਿੱਚ ਰੱਖਿਆ ਜਾਂਦਾ ਹੈ।ਬਾਈਡੇਨ ਪ੍ਰਸ਼ਾਸਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਪਰਿਵਾਰਕ ਨਜ਼ਰਬੰਦੀ ਖਤਮ ਕਰ ਦਿੱਤੀ ਸੀ, ਅਤੇ ਇਸ ਦੀ ਬਜਾਏ ਬਹੁਤੇ ਪ੍ਰਵਾਸੀ ਪਰਿਵਾਰਾਂ ਨੂੰ 72 ਘੰਟਿਆਂ ਦੇ ਅੰਦਰ ਰਿਹਾਈ ਦਿੱਤੀ ਜਾ ਰਹੀ ਹੈ ਤਾਂ ਜੋ ਇਮੀਗ੍ਰੇਸ਼ਨ ਕੋਰਟ ਵਿੱਚ ਸੁਣਵਾਈ ਦੀ ਉਡੀਕ ਕੀਤੀ ਜਾ ਸਕੇ। ਇਸਦੇ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਤੱਕ 13 ਗਰਭਵਤੀ ਔਰਤਾਂ ਆਈ ਸੀ ਈ ਦੀ ਹਿਰਾਸਤ ਵਿੱਚ ਸਨ ਅਤੇ ਉਨ੍ਹਾਂ ਨੂੰ ਨਵੀਂ ਨੀਤੀ ਤਹਿਤ ਰਿਹਾਈ ਲਈ ਵਿਚਾਰਿਆ ਜਾ ਰਿਹਾ ਹੈ।
 


author

Vandana

Content Editor

Related News