ਚਾਰਟਰ ਉਡਾਣਾਂ ਦੀ ਵਿਵਸਥਾ ਲਈ ਤਾਲਿਬਾਨ ਨਾਲ ਕੰਮ ਕਰ ਰਿਹਾ ਹੈ ਅਮਰੀਕਾ: ਬਲਿੰਕਨ

Tuesday, Sep 07, 2021 - 04:00 PM (IST)

ਚਾਰਟਰ ਉਡਾਣਾਂ ਦੀ ਵਿਵਸਥਾ ਲਈ ਤਾਲਿਬਾਨ ਨਾਲ ਕੰਮ ਕਰ ਰਿਹਾ ਹੈ ਅਮਰੀਕਾ: ਬਲਿੰਕਨ

ਦੋਹਾ (ਭਾਸ਼ਾ) : ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਕਾਬੁਲ ਤੋਂ ਵਾਧੂ ਚਾਰਟਰ ਉਡਾਣਾਂ ਦੀ ਵਿਵਸਥਾ ਲਈ ਤਾਲਿਬਾਨ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਉਹ ਲੋਕ ਅਫ਼ਗਾਨਿਸਤਾਨ ਤੋਂ ਨਿਕਲ ਸਕਣ ਜੋ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਦੇਸ਼ ਛੱਡਣਾ ਚਾਹੁੰਦੇ ਹਨ। ਬਲਿੰਕਨ ਮੰਗਲਵਾਰ ਨੂੰ ਕਤਰ ਦੇ ਸੀਨੀਅਰ ਡਿਪਲੋਮੈਟਾਂ ਅਤੇ ਰੱਖਿਆ ਅਧਿਕਾਰੀਆਂ ਨਾਲ ਸੰਯੁਕਤ ਪੰਤਰਕਾਰ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੀ ਰਾਜਧਾਨੀ ਤੋਂ ਵਾਧੂ ਚਾਰਟਰ ਉਡਾਣਾਂ ਦੇ ਬੰਦੋਬਸਤ ਲਈ ਅਮਰੀਕਾ ਪਿਛਲੇ ਕੁੱਝ ਸਮੇਂ ਤੋਂ ਤਾਲਿਬਾਨ ਨਾਲ ਸੰਪਰਕ ਵਿਚ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਤਾਲਿਬਾਨ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਸੁਰੱਖਿਅਤ ਨਿਕਾਸੀ ਦਾ ਭਰੋਸਾ ਦਿੱਤਾ ਹੈ ਜੋ ਉਚਿਤ ਯਾਤਰਾ ਦਸਤਾਵੇਜ਼ਾਂ ਨਾਲ ਅਫ਼ਗਾਨਿਸਤਾਨ ਤੋਂ ਨਿਕਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਹੁਣ ਵੀ ਕਰੀਬ 100 ਅਮਰੀਕੀ ਨਾਗਰਿਕ ਹਨ, ਜੋ ਉਥੋਂ ਨਿਕਲਣਾ ਚਾਹੁੰਦੇ ਹਨ। ਵਿਦੇਸ਼ ਵਿਭਾਗ ਨੇ ਪਹਿਲਾਂ ਦੱਸਿਆ ਸੀ ਕਿ ਲੱਗਭਗ 100 ਤੋਂ 200 ਲੋਕ ਅਜਿਹੇ ਹੋ ਸਕਦੇ ਹਨ। ਬਲਿੰਕਨ ਅਤੇ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਕਤਰ ਵਿਚ ਹਨ। ਉਹ 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ’ਤੇ ਕਬਜ਼ਾ ਕਰਨ ਦੇ ਬਾਅਦ ਅਫ਼ਗਾਨਿਸਤਾਨ ਤੋਂ ਹਜ਼ਾਰਾਂ ਲੋਕਾਂ ਨੂੰ ਕੱਢਣ ਵਿਚ ਮਦਦ ਕਰਨ ਲਈ ਖਾੜੀ ਅਰਬ ਦੇਸ਼ ਦਾ ਧੰਨਵਾਦ ਕਰਨ ਇੱਥੇ ਆਏ ਹਨ।


author

cherry

Content Editor

Related News